ਗਣਤੰਤਰ ਦਿਵਸ ਦੀਆਂ ਤਿਆਰੀਆਂ ਵਜੋਂ ਟਰੈਕਟਰ ਮਾਰਚ

January 20 2021

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਵਿਚਲੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਲਾਮਬੰਦੀ ਵਜੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਾਨਸਾ ਸ਼ਹਿਰ ਅਤੇ ਮਾਨਸਾ ਖੁਰਦ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਮਾਰਚ ਵਿੱਚ ਹੋਏ ਇਕੱਠ ਨੂੰ ਨਵੀਂ ਅਨਾਜ ਮੰਡੀ ਵਿੱਚ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਮਾਨਸ਼ਾਹੀਆ, ਮੱਖਣ ਸਿੰਘ ਮਾਨ ਤੇ ਸੁਖਚਰਨ ਸਿੰਘ ਦਾਨੇਵਾਲੀਆ ਨੇ ਸੰਬੋਧਨ ਕੀਤਾ। ਕਾਮਰੇਡ ਰਾਜਵਿੰਦਰ ਰਾਣਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਵਿਅਕਤੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਐੱਨਆਈਏ ਵੱਲੋਂ ਸੰਮਨ ਭੇਜਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਤੋਂ ਡਰੀ ਹੋਈ ਹੈ ਅਤੇ ਕੋਝੀਆਂ ਚਾਲਾਂ ਉੱਪਰ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਕੂਚ ਕਰਨਗੇ।

ਹਰਜਿੰਦਰ ਸਿੰਘ ਮਾਨਸ਼ਾਹੀਆ ਨੇ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਖੇਤੀ ਕਾਨੂੰਨਾਂ ਦੀ ਕੀਤੀ ਹਮਾਇਤ ਦੀ ਨਿੰਦਾ ਕੀਤੀ। ਇਸ ਮੌਕੇ ਮਨਜੀਤ ਸਿੰਘ ਸੋਢੀ, ਕੁਲਵੰਤ ਸਿੰਘ ਮਾਨਸ਼ਾਹੀਆ, ਹਮੀਰ ਕੌਰ ਅਤੇ ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।

ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ’ਤੇ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਦੀਆਂ ਤਿਆਰੀਆਂ ਲਈ ਬਲਾਕ ਬਾਘਾ ਪੁਰਾਣਾ ਦੇ 17 ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਤੇ ਯੂਥ ਆਗੂ ਸੁਖਜਿੰਦਰ ਸਿੰਘ ਵੈਰੋਕੇ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਪ੍ਰਤੀ ਅੜੀਅਲ ਰਵੱਈਆ ਵਰਤ ਰਹੀ ਹੈ। ਲਖਵੀਰ ਸਿੰਘ ਰੋਡੇ ਅਤੇ ਜਸਮੇਲ ਸਿੰਘ ਗੋਰਾ ਨੇ ਕਿਹਾ ਕਿ ਉਹ ਟਰੈਕਟਰ ਮਾਰਚ ਲਈ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਮੌਕੇ ਔਰਤ ਵਿੰਗ ਵੱਲੋਂ ਔਰਤ ਦਿਵਸ ਮਨਾਕੇ ਇਸ ਟਰੈਕਟਰ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ।

ਡੱਬਵਾਲੀ ਹਲਕੇ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਾਲੂਆਨਾ ਤੋਂ ਚੋਰਮਾਰ ਤੱਕ ਕਿਸਾਨ ਅਧਿਕਾਰ ਟਰੈਕਟਰ ਯਾਤਰਾ ਕੱਢੀ ਗਈ। ਇਸ ਯਾਤਰਾ ਦੀ ਅਗਵਾਈ ਸੀਨੀਅਰ ਕਾਂਗਰਸ ਡਾ. ਕੇ.ਵੀ ਸਿੰਘ ਅਤੇ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਕੀਤੀ। ਇਸ ਦੌਰਾਨ 26 ਪਰੇਡ ਵਿੱਚ ਸ਼ਾਮਲ ਹੋਣ ਦਾ ਦਿੱਤਾ ਗਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune