ਖੇਤੀ ਮਾਹਿਰਾਂ ਦੀ ਟੀਮ ਵੱਲੋਂ ਘਨੌਰੀ ਕਲਾਂ ਵਿੱਚ ਝੋਨੇ ਦੀ ਫ਼ਸਲ ਦਾ ਨਿਰੀਖਣ

August 27 2020

ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਧੂਰੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਅੱਜ ਸਿਖ਼ਰ ਦੁਪਹਿਰੇ ਪਿੰਡ ਘਨੌਰੀ ਕਲਾਂ ਦੇ ਖੇਤਾਂ ਵਿੱਚ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਪੈ ਰਹੀ ਗੋਭ ਦੀ ਸੁੰਡੀ, ਪੀਲਾ ਲਪੇਟ ਸਮੇਤ ਹੋਰ ਮੌਸਮੀ ਬਿਮਾਰੀਆਂ ਦਾ ਨਿਰੀਖ਼ਣ ਕਰਦਿਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੀਮਤੀ ਸੁਝਾਅ ਦਿੱਤੇ।

ਇਸ ਮੌਕੇ ਮਾਹਿਰਾਂ ਦੀ ਟੀਮ ਵਿੱਚ ਖਾਸ਼ ਤੌਰ ’ਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸ਼ਵਿੰਦਰ ਸਿੰਘ, ਖੇਤੀਬਾੜੀ ਇੰਸਪੈਕਟਰ ਨਰੇਸ਼ ਕੁਮਾਰ ਆਦਿ ਵੀ ਸ਼ਾਮਲ ਸਨ। ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਘਨੌਰੀ ਕਲਾਂ-ਬਾਦਸ਼ਾਹਪੁਰ ਸੜਕ ’ਤੇ ਉੱਦਮੀ ਤੇ ਉਤਸ਼ਾਹੀ ਨੌਜਵਾਨ ਰਤਿੰਦਰ ਸਿੰਘ ਰਤਨ ਅਤੇ ਜਗਦੀਪ ਸਿੰਘ ਜੱਗੀ ਘਨੌਰੀ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਨੂੰ ਡੂੰਘਾਈ ਨਾਲ ਜਾਚਿਆ-ਵਾਚਿਆ, ਫ਼ਸਲ ਦੀ ਬਿਹਤਰੀ ਤੇ ਬਚਾਅ ਲਈ ਲੋੜੀਦੀਆਂ ਦਵਾਈਆਂ ਦੱਸੀਆਂ। ਇਸੇ ਤਰ੍ਹਾਂ ਜਗਪਾਲ ਰਿਸ਼ੀ ਦੇ ਖੇਤ ਵਿੱਚ ਝੋਨੇ ਦੀ ਪਛੇਤੀ ਇੱਕ ਕਿਸਮ ਵਿੱਚ ਪੀਲਾ ਪੱਤਾ ਹੋਣ ਦੀ ਸ਼ਿਕਾਇਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਫ਼ਸਲ ਨੂੰ ਗੋਭ ਦੀ ਸੁੰਡੀ ਦੀ ਸਮੱਸਿਆ ਮੁੱਢਲੇ ਤੌਰ ’ਤੇ ਤਕਰੀਬਨ 5 ਫ਼ੀਸਦ ਹੈ ਪਰ ਵਿਭਾਗ ਇਸ ਨੂੰ ਹਾਲੇ ਆਰਥਿਕ ਆਧਾਰ ’ਤੇ ਨਹੀਂ ਮੰਨਦਾ। ਉਨ੍ਹਾਂ ਮੌਕੇ ’ਤੇ ਇਕੱਤਰ ਕਿਸਾਨਾਂ ਨੂੰ ਚੇਤਨ ਕਰਦਿਆਂ ਖੇਤ ’ਚ ਯੂਰੀਏ ਤੇ ਦਵਾਈਆਂ ਦੀ ਵਰਤੋਂ ਵਿਭਾਗ ਦੇ ਰਾਇ-ਮਸ਼ਵਰੇ ਨਾਲ ਹੀ ਕਰਨੀ ਚਾਹੀਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune