ਖੇਤੀ ਬਿੱਲਾਂ ਤੇ ਸਿਆਸਤ ਗਰਮਾਈ

September 21 2020

ਖੇਤੀ ਬਿੱਲਾਂ ਖਿਲਾਫ ਦੇਸ਼ ਭਰ ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇੰਨਾ ਹੀ ਨਹੀਂ ਸਿਆਸੀ ਹਲਕਿਆਂ ਚ ਵੀ ਆਰਡੀਨੈਂਸਾਂ ਦਾ ਮੁੱਦਾ ਜ਼ੋਰ ਫੜ੍ਹ ਗਿਆ ਹੈ। ਅਜਿਹੇ ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ। ਬੇਸ਼ੱਕ ਹਰਸਮਿਰਤ ਨੇ ਕੁਰਸੀ ਵਾਰ ਦਿੱਤੀ ਪਰ ਵਿਰੋਧੀ ਧਿਰਾਂ ਇਸ ਨੂੰ ਅਕਾਲੀ ਦਲ ਦਾ ਡਰਾਮਾ ਕਰਾਰ ਦੇ ਰਹੀਆਂ ਹਨ।

ਦਰਅਸਲ ਹਰਸਿਮਰਤ ਬਾਦਲ ਲਈ ਕੈਬਨਿਟ ਅਹੁਦੇ ਤੋਂ ਅਸਤੀਫਾ ਦੇਣਾ ਮਜ਼ਬੂਰੀ ਬਣ ਗਿਆ ਸੀ ਕਿਉਂਕਿ ਪੰਜਾਬ ਚ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਖੇਤੀ ਬਿੱਲਾਂ ਖਿਲਾਫ ਡਟ ਗਈਆਂ ਸਨ। ਦੂਜਾ 2022 ਚ ਪੰਜਾਬ ਵਿਧਾਨ ਸਭਾ ਚੋਣਾਂ ਹਨ। ਅਜਿਹੇ ਚ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ ਚ ਆਪਣਾ ਅਕਸ ਸੁਧਾਰਨ ਦਾ ਇਹ ਸਹੀ ਮੌਕਾ ਲੱਗਾ। ਹਾਲਾਂਕਿ ਅਕਾਲੀ ਦਲ ਦੀ ਇਸ ਸਿਆਸੀ ਚਾਲ ਨੂੰ ਇੱਥੋਂ ਸਮਝਿਆ ਜਾ ਸਕਦਾ ਕਿ ਹਰਸਿਮਰਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਭਾਈਵਾਲੀ ਪਾਰਟੀ ਦਾ ਸਾਥ ਨਹੀਂ ਛੱਡਿਆ।

ਉਧਰ ਖੇਤੀ ਬਿੱਲਾਂ ਖਿਲਾਫ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਖੇਤੀ ਬਿੱਲਾਂ ਖਿਲਾਫ ਕਿਸਾਨ ਸੜਕਾਂ ਤੇ ਉੱਤਰ ਆਏ ਹਨ। ਅਜਿਹੇ ਚ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਨੇ ਅਗਲੀ ਰਣਨੀਤੀ ਐਲਾਨ ਦਿੱਤੀ ਹੈ। ਹਰਿਆਣਾ ਚ 20 ਸਤੰਬਰ ਨੂੰ ਸੜਕ ਰੋਕੋ ਅੰਦੋਲਨ ਹੋਵੇਗਾ। ਬਿੱਲ ਦੇ ਵਿਰੋਧ ਚ ਕਿਸਾਨ ਮਜ਼ਦੂਰ ਯੂਨੀਅਨ 24 ਸਤੰਬਰ ਤੋਂ 26 ਸਤੰਬਰ ਸਤੰਬਰ ਦਰਮਿਆਨ ਪੰਜਾਬ ਚ ਰੇਲ ਰੋਕੋ ਅੰਦੋਲਨ ਕਰੇਗੀ। 25 ਸਤੰਬਰ ਨੂੰ ਪੰਜਾਬ ਬੰਦ ਦੀ ਅਪੀਲ ਵੀ ਕੀਤੀ ਗਈ ਹੈ।

ਬੇਸ਼ੱਕ ਹਰਸਿਮਰਤ ਬਾਦਲ ਨੇ ਆਰਡੀਨੈਂਸਾਂ ਦੇ ਵਿਰੋਧ ਚ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਦਾਅਵਾ ਕਰ ਰਹੇ ਹਨ ਕਿ ਉਹ ਕਿਸਾਨ ਵਿਰੋਧੀ ਬਿੱਲਾਂ ਦੇ ਮੁੱਦੇ ਤੇ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ। ਇਸ ਦੇ ਬਾਵਜੂਦ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਇਹ ਤਿੰਨ ਖੇਤੀ ਆਰਡੀਨੈਂਸ ਲਿਆ ਕੇ MSP ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਮੰਡੀਕਰਨ ਖਤਮ ਕਰਕੇ ਵੱਡੀਆਂ ਕੰਪਨੀਆਂ ਨੂੰ ਬੜਾਵਾ ਦੇਣਾ ਚਾਹੁੰਦੀ ਹੈ। ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ MSP ਤੇ ਸਰਕਾਰੀ ਖਰੀਦ ਦੀ ਵਿਵਸਥਾ ਬਣੀ ਰਹੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live