ਖੇਤੀ ਬਿੱਲ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ: ਰੰਧਾਵਾ

September 29 2020

ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਆਗੂ ਕਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪਾਰਟੀ ਦੇ ਆਗੂ ਅਤੇ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਲਈ ਪੰਜਾਬੀ ਭਾਜਪਾ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਰਡੀਨੈਂਸ ਪਾਸ ਕਰਨ ’ਤੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ‘ਆਪ’ ਆਗੂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਵੀ ਪਾਰਟੀ ਦੇ ਆਗੂ ਅਤੇ ਵਰਕਰ ਸੰਘਰਸ਼ ਵਿੱਚ ਪੂਰੀ ਹਮਾਇਤ ਕਰ ਰਹੇ ਹਨ। ਸ੍ਰੀ ਰੰਧਾਵਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਬਿੱਲ ਵਾਪਸ ਲੈਣ ਲਈ ਕਿਹਾ।

ਜ਼ਿਲ੍ਹਾ ਰੂਪਨਗਰ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਖ਼ਿਲਾਫ਼ ਪਹਿਲੀ ਅਕਤੂਬਰ ਤੋਂ ਜ਼ਿਲ੍ਹੇ ਅੰਦਰ ਰੇਲਾਂ ਰੋਕਣ ਦਾ ਪੱਕਾ ਮੋਰਚਾ ਲਗਾਉਣ ਦਾ ਫੈ਼ਸਲਾ ਕੀਤਾ ਹੈ। ਇਸ ਸਬੰਧੀ ਅੱਜ ਜ਼ਿਲ੍ਹੇ ਭਰ ਦੀਆਂ 8 ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਦੱਸਿਆ ਕਿ 25 ਸਤੰਬਰ ਦਾ ਮੁਕੰਮਲ ਪੰਜਾਬ ਬੰਦ ਰਿਹਾ। ਇਸ ਦਿਨ ਲੋਕ ਪਾਰਟੀਬਾਜੀ ਤੋਂ ਉਪਰ ਉਠ ਕੇ ਆਪ ਮੁਹਾਰੇ ਰੋਸ ਧਰਨਿਆਂ ਵਿੱਚ ਸ਼ਾਮਲ ਹੋਏ। ਪੰਜਾਬ ਭਰ ਦੀਆਂ ਕਰੀਬ 175 ਵੱਖ-ਵੱਖ ਵਰਗਾਂ ਦੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ ਸੀ, ਜਿਸ ਦੇ ਚੱਲਦਿਆਂ ਬੜੇ ਲੰਮੇ ਸਮੇਂ ਤੋਂ ਬਾਅਦ ਭਾਰਤ ਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਸਾਰੇ ਵਰਗਾਂ ਤੋਂ ਮਿਲਿਆ। ਇਨ੍ਹਾਂ ਧਰਨਿਆਂ ਵਿੱਚ ਜਵਾਨੀ ਵੀ ਵੱਡੀ ਗਿਣਤੀ ਚ ਸ਼ਾਮਲ ਹੋਈ। ਇਸ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਆਗੂਆ ਨੇ ਦੱਸਿਆ ਕਿ ਹੁਣ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਰੂਪਨਗਰ ਵਿਖੇ ਪਹਿਲੀ ਅਕਤੂਬਰਾਂ ਨੂੰ ਰੇਲਾਂ ਰੋਕਣ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਵਿੱਚ ਜਿਲੇ ਭਰ ਦੇ ਕਿਸਾਨ ਹਰ ਰੋਜ ਸ਼ਾਮਲ ਹੋਣਗੇ। ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਬਿੱਲ ਵਾਪਸ ਨਹੀਂ ਲੈ ਲੈਂਦੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਜਟਾਣਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸੇ ਦੌਰਾਨ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਜਲਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਂਦਰੀ ਖੇਤੀ ਬਿੱਲਾਂ ਨੂੰ ਪੰਜਾਬ ਵਿੱਚ ਪ੍ਰਭਾਵਹੀਣ ਬਣਾਉਣ ਲਈ ਠੋਸ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਵਿਧਾਨ ਸਭਾ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ ਤਾਂ ਜੋ ਕਿਸਾਨ ਮਾਰੂ ਬਿੱਲ ਪੰਜਾਬ ਵਿੱਚ ਪ੍ਰਭਾਵਹੀਣ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਸੰਤ ਸਮਾਜ ਤੇ ਫੈੱਡਰੇਸ਼ਨ ਹਮੇਸ਼ਾ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਅੱਜ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਹਰਪ੍ਰੀਤ ਸਿੰਘ ਬਸੰਤ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਮਾਲਪੁਰ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਇੱਥੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਸਥਾਨਕ ਪਾਵਰ ਕਲੋਨੀ ਚੌਕ ਤੋਂ ਸ਼ੁਰੂ ਹੋਇਆ ਅਤੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਮਾਪਤ ਹੋ ਗਿਆ। ਬਾਅਦ ਵਿੱਚ ਇਨ੍ਹਾਂ ਨੌਜਵਾਨਾਂ ਨੇ ਖੇਤੀ ਬਿੱਲਾਂ ਵਿਰੁੱਧ ਕਿਸਾਨ ਪੱਖੀ ਸਟੈਂਡ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ।

ਅਕਾਲੀ ਦਲ ਦੀ ਦੋਗਲੀ ਨੀਤੀ ਪੰਜਾਬ ਵਿਰੋਧੀ: ਕਾਂਗਰਸ ਆਗੂ

ਬਲਾਕ ਕਾਂਗਰਸ ਦਫ਼ਤਰ ਅਮਲੋਹ ਵਿਚ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਤੇ ਹੋਰਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਖੇਤੀ ਬਿੱਲਾਂ ਦੇ ਮਾਮਲੇ ਨੂੰ ਲੈ ਕੇ ਦੋਗਲੀ ਨੀਤੀ ਹੈ ਤੇ ਅੱਜ ਵੀ ਇਸ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਅਮਲੋਹ ਵਿਚ ਵਿਧਾਇਕ ਰਣਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਜਾਵੇਗੀ।

ਕਿਸਾਨੀ ਬਚਾਓ ਸਾਈਕਲ ਯਾਤਰਾ ਸਮਾਪਤ

ਰੋਪੜ ਸਾਈਕਲਿੰਗ ਕਲੱਬ ਵੱਲੋਂ ਗੁਰਪ੍ਰੀਤ ਸਿੰਘ ਹੀਰਾ, ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਕਿਸਾਨੀ ਬਚਾਓ, ਪੇਂਡੂ ਸੱਭਿਆਚਾਰ ਬਚਾਓ 525 ਕਿਲੋਮੀਟਰ ਲੰਮੀ ਪੰਜਾਬ ਸਾਈਕਲ ਯਾਤਰਾ ਅੱਜ ਬਾਅਦ ਦੁਪਹਿਰ ਰੂਪਨਗਰ ਪੁੱਜ ਕੇ ਸਾਮਪਤ ਹੋ ਗਈ। ਇਸ ਸਬੰਧੀ ਰਾਜੂ ਸਤਿਆਲ ਨੇ ਦੱਸਿਆ ਕਿ 24 ਸਤੰਬਰ ਨੂੰ ਰੂਪਨਗਰ ਤੋਂ ਯਾਤਰਾ ਸ਼ੁਰੂ ਕਰਕੇ ਸ੍ਰੀ ਆਨੰਦਪੁਰ ਸਾਹਿਬ, ਨੰਗਲ, ਊਨਾ, ਤਲਵਾੜਾ, ਗੁਰਦਾਸਪੁਰ, ਕਰਤਾਰਪੁਰ ਕੌਰੀ ਡੋਰ, ਡੇਰਾ ਬਾਬਾ ਨਾਨਕ, ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਕਰਤਾਰਪੁਰ, ਆਦਮਪੁਰ, ਗੜ੍ਹਸ਼ੰਕਰ ਹੁੰਦੇ ਹੋਏ ਅੱਜ ਰੂਪਨਗਰ ਵਾਪਸੀ ਤੱਕ ਕੁੱਲ 525 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਈਕਲ ਯਾਤਰਾ ਦੌਰਾਨ ਉਨ੍ਹਾਂ ਪੰਜਾਬ ਭਰ ਵਿੱਚ ਕਈ ਥਾਵਾਂ ਉੱਤੇ ਕਿਸਾਨ ਧਰਨਿਆਂ ਵਿੱਚ ਸਰਗਰਮ ਸ਼ਮੂਲੀਅਤ ਕਰਦਿਆਂ ਇਸ ਲੋਕ ਪੱਖੀ ਸੰਘਰਸ਼ ਦਾ ਭਰਵਾਂ ਸਮਰਥਨ ਕੀਤਾ। ਰਾਜੂ ਸਤਿਆਲ ਨੇ ਕਿਹਾ ਕਿ ਜੇਕਰ ਉਹ ਆਪਣੇ ਸਾਥੀਆਂ ਸਮੇਤ ਅਕਤੂਬਰ ਦੇ ਪਹਿਲੇ ਹਫਤੇ ਸਾਈਕਲ ਲੈ ਕੇ ਦਿੱਲੀ ਵੱਲ ਕੂਚ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune