ਖੇਤੀ ਕਾਨੂੰਨਾਂ ਖ਼ਿਲਾਫ਼ ਭੀਖੀ ’ਚ ਮਹਾਪੰਚਾਇਤ

February 18 2021

ਬਲਾਕ ਪੰਚਾਇਤ ਯੂਨੀਅਨ ਦੇ ਸੱਦੇ ’ਤੇ ਬਲਾਕ ਭੀਖੀ ਦੀਆਂ ਪੰਚਾਇਤਾਂ ਸਣੇ ਵੱਖ-ਵੱਖ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ-ਕਿਸਾਨਾਂ ਨੇ ਭੀਖੀ ਦੀ ਅਨਾਜ ਮੰਡੀ ਵਿਚ ਹੋਈ ਮਹਾਪੰਚਾਇਤ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਕੁਲਵੰਤ ਸਿੰਘ ਸੰਧੂ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ. ਜਗਮੋਹਨ ਸਿੰਘ, ਹਮੀਰ ਸਿੰਘ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ, ਰਜਿੰਦਰ ਭਦੌੜ, ਦਰਸ਼ਨ ਸਿੰਘ, ਮੇਘਰਾਜ ਰੱਲਾ, ਧੰਨਾ ਮੱਲ ਗੋਇਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਹਾਰ ਚੁੱਕੀ ਹੈ ਜਿਸ ਕਰ ਕੇ ਕਾਨੂੰਨ ਰੱਦ ਕਰਨ ਦੀ ਬਜਾਇ ਸੋਧ ਕਰਨ ਲਈ ਆਖ ਰਹੀ ਹੈ। ਇਹ ਸੰਘਰਸ਼ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਜਿਸ ਵਿੱਚ ਹਰ ਵਰਗ ਯੋਗਦਾਨ ਪਾ ਰਿਹਾ ਹੈ। ਦਿੱਲੀ ਮੋਰਚੇ ਤੋਂ ਆਏ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਸਾਰੀਆਂ ਹੱਦਾਂ ’ਤੇ ਕਿਸਾਨ ਮੋਰਚੇ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹਕੂਮਤ ਵੱਲੋਂ ਚੱਲੀਆਂ ਚਾਲਾਂ ਸਫ਼ਲ ਨਹੀਂ ਹੋਈਆਂ ਬਲਕਿ ਅੰਦੋਲਨ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਸਰਕਾਰ ਪੱਖੀ ਮੀਡੀਆ ਤੇ ਭਾਜਪਾ ਦੇ ਆਈਟੀ ਸੈੱਲ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੇ ਜਾਂਦੇ ਗ਼ਲਤ ਪ੍ਰਚਾਰ ਤੋਂ ਸੁਚੇਤ ਕੀਤਾ।

ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਲੜਾਈ ਸਿਰਫ਼ ਮੋਦੀ, ਅਡਾਨੀਆਂ ਜਾਂ ਅੰਬਾਨੀਆਂ ਖ਼ਿਲਾਫ਼ ਹੀ ਨਹੀਂ ਵਿਸ਼ਵ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਖ਼ਿਲਾਫ਼ ਵੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਜੇ ਮੁਲਕ ਵਿਚ ਰੋਟੀ ਅਤੇ ਅਨਾਜ ਕਾਰਪੋਰੇਟਾਂ ਦੇ ਹੱਥਾਂ ਵਿਚ ਚਲਾ ਗਿਆ ਤਾਂ ਆਦਮੀ ਤਾਂ ਕੀ ਜਾਨਵਰ ਤੇ ਪੰਛੀ ਵੀ ਭੁੱਖੇ ਮਰ ਜਾਣਗੇ। ਦੇਸ਼ ਵਿਚ ਭੁੱਖ ’ਤੇ ਵਪਾਰ ਕਰਨ ਵਾਲੇ ਅੱਗੇ ਆ ਰਹੇ ਹਨ। ਦੇਸ਼ ਵਿਚ ਮਹਿੰਗਾਈ ਸਿਖ਼ਰ ’ਤੇ ਹੈ। ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਧਰਮ ਤੇ ਜਾਤ ਦੇ ਆਧਾਰ ’ਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਕੂਮਤ ਖ਼ਿਲਾਫ਼ ਇਕਜੁੱਟ ਹੋ ਕੇ ਟਕਰਨਾ ਹੋਵੇਗਾ ਤਾਂ ਜੋ ਅੱਗੇ ਤੋਂ ਕੋਈ ਹਕੂਮਤ ਅੰਨਦਾਤੇ ਨਾਲ ਟੱਕਰ ਲੈਣ ਦਾ ਹੀਆ ਨਾ ਕਰ ਸਕੇ।

ਕਿਸਾਨ ਆਗੂਆਂ ਨੇ ਕਿਹਾ ਕਿ ਅੰਨਦਾਤਾ ਦੀ ਕਿਰਤ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਲਏ ਜਾ ਰਹੇ ਹਨ, ਜਿੱਥੇ ਕਿਸਾਨਾਂ ਨਾਲ ਸਬੰਧਿਤ ਕੋਈ ਮੰਤਰਾਲਾ ਨਹੀਂ ਹੈ, ਨਾ ਹੀ ਕਿਸਾਨਾਂ ਦਾ ਦਰਦ ਸਮਝਣ ਵਾਲਾ ਮੰਤਰੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਗੁਜਰਾਤ, ਬੰਗਾਲ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਜਾ ਕੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਸਮੇਂ ਦਿੱਲੀ ਮੋਰਚੇ ਵਿਚ ਤਸ਼ੱਦਦ ਦਾ ਸ਼ਿਕਾਰ ਹੋਏ ਜੱਗੀ ਬਾਬਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗਾਇਕ ਜਗਸੀਰ ਜੀਦਾ, ਗੁਰਵਿੰਦਰ ਬਰਾੜ, ਹਰਫ਼ ਚੀਮਾ ਨੇ ਲੋਕ-ਪੱਖੀ ਗੀਤ ਗਾ ਕੇ ਹਾਜ਼ਰੀ ਲਵਾਈ। ਮਹਾਪੰਚਾਇਤ ’ਚ ਕਿਸਾਨ-ਮਜ਼ਦੂਰ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune