ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

December 04 2020

ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ’ਚ ਟਿਕਰੀ ਬਾਰਡਰ ’ਤੇ ਲੱਗੀਆਂ ਪੰਜ ਸਟੇਜਾਂ ਮੌਕੇ ਜੁੜੇ ਇਕੱਠਾਂ ਨੇ ਖੇਤੀ ਕਾਨੂੰਨਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ, ਐੱਮਐੱਸਪੀ ਦੀ ਗਰੰਟੀ ਕਰਨ ਜਾਂ ਸੂਬਿਆਂ ਨੂੰ ਇਨ੍ਹਾਂ ਸਬੰਧੀ ਅਧਿਕਾਰ ਦੇਣ ਵਰਗੀ ਨਿਗੂਣੀਆਂ ਰਿਆਇਤਾਂ ਦੀ ਚੱਲਦੀ ਚਰਚਾ ਨੂੰ ਮੁੱਢੋਂ ਰੱਦ ਕਰਦਿਆਂ ਪੰਜੇ ਕਾਨੂੰਨਾਂ ਦੀ ਵਾਪਸੀ ਤੱਕ ਮੋਰਚੇ ’ਚ ਡਟੇ ਰਹਿਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਆਖਿਆ ਕਿ ਹੁਣ ਮੋਦੀ ਸਰਕਾਰ ਕੋਲ ਪੰਜੋਂ ਕਾਨੂੰਨਾਂ ਨੂੰ ਰੱਦ ਕਰਨ ਜਾਂ ਤਾਕਤ ਦੀ ਵਰਤੋਂ ਰਾਹੀਂ ਕਿਸਾਨੀ ਰੋਹ ਦੀ ਪਰਖ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਮੋਦੀ ਹਕੂਮਤ ਦੁਆਰਾ ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਉੱਠਣ ਵਾਲੇ ਨਹੀਂ।

ਇਨ੍ਹਾਂ ਇਕੱਠਾਂ ਦੌਰਾਨ ਬੁੱਧਵਾਰ ਨੂੰ ਮੋਰਚੇ ’ਚੋਂ ਵਿਛੜੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ ਤੇ ਬਠਿੰਡਾ ਦੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਕੱਠਾਂ ’ਚ ਅੱਜ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਇਕੱਠਾਂ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਰੰਗਕਰਮੀ ਸਰਵੀਰ ਤੋਂ ਇਲਾਵਾ ਹਰਿਆਣਾ ਤੋਂ ਮਹਿਲਾ ਆਗੂਆਂ ਨੇ ਸੰਬੋਧਨ ਕੀਤਾ। ਹਰਿਆਣਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਸੰਘਰਸ਼ ’ਚ ਡਟੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹਿਣਗੇ ਅਤੇ ਉਨ੍ਹਾਂ ਨੂੰ ਲੰਗਰ ਸਮੇਤ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਉਣ ਦੇਣਗੇ।

ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ ਸਮੇਤ ਮੁਲਕ ਦੇ ਸਮੂਹ ਲੋਕਾਂ ਦੇ ਵਿਰੋਧੀ ਹਨ। ਇਹੀ ਵਜ੍ਹਾ ਹੈ ਕਿ ਇਸ ਘੋਲ ਨੂੰ ਪੰਜਾਬ ਤੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਸਮੇਤ ਸਮੂਹ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਨ੍ਹਾਂ ਵਿੱਚ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ, ਮੁਲਾਜ਼ਮਾਂ, ਦੁਕਾਨਦਾਰਾਂ, ਰੰਗਕਰਮੀਆਂ, ਕਲਾਕਾਰਾਂ, ਸਾਹਿਤਕਾਰਾਂ, ਫ਼ਿਲਮਸਾਜ਼ਾਂ, ਨਾਮੀ ਖਿਡਾਰੀਆਂ ਸਮੇਤ ਅਨੇਕਾਂ ਵਰਗਾਂ ਵੱਲੋਂ ਜ਼ੋਰਦਾਰ ਹਮਾਇਤ ਮਿਲ ਰਹੀ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੇ ਟੈਕਸੀਆਂ ਤੇ ਟਰੱਕਾਂ ਵਾਲਿਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ’ਚ ਹੜਤਾਲ ਕਰਨ ਦੇ ਐਲਾਨ ਨੇ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ।

ਊਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਇਹ ਕਾਰਵਾਈ ਦੇਸ਼ ਦੀ ਖੁਰਾਕ ਸੁਰੱਖਿਆ ਤੇ ਵਾਤਾਵਰਨ ’ਤੇ ਵੱਡਾ ਹਮਲਾ ਹੈ, ਜਿਸ ਕਾਰਨ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਮੂਹ ਲੋਕਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਦਿੱਲੀ ਦੀ ਸਰਹੱਦ ’ਤੇ ਇੱਕ ਹਫ਼ਤੇ ਤੋਂ ਵੱਖ-ਵੱਖ ਸੂਬਿਆਂ ’ਚੋਂ ਵੱਡੀ ਗਿਣਤੀ ’ਚ ਕਿਸਾਨ, ਕਿਸਾਨ ਬੀਬੀਆਂ ਤੇ ਨੌਜਵਾਨ ਖੁੱਲ੍ਹੇ ਅਸਮਾਨ ਹੇਠ ਡਟੇ ਹੋਏ ਹਨ ਪਰ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਵਫ਼ਾਦਾਰੀ ਪੁਗਾਉਣ ਲਈ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਨ੍ਹਾਂ ਮੁਤਾਬਕ ਮੋਦੀ ਹਕੂਮਤ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਭੁਲਾ ਕੇ, ਹੰਭਾ ਕੇ ਜਾ ਡਰਾ ਕੇ ਘਰਾਂ ਨੂੰ ਤੋਰ ਦੇਵੇਗੀ।

ਇਨ੍ਹਾਂ ਇਕੱਠਾਂ ’ਚ ਆਵਾਮ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਵੱਲੋਂ ਸੱਤਪਾਲ ਦੀ ਨਿਰਦੇਸ਼ਨਾ ਹੇਠ ‘ਇਹ ਜ਼ਮੀਨ ਦੀ ਕਿਸ ਦੀ ਹੈ’ ਖੇਡਿਆ ਗਿਆ ਅਤੇ ਅਜਮੇਰ ਸਿੰਘ ਅਕਲੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਦਸਤਾਵੇਜ਼ੀ ਫ਼ਿਲਮਸਾਜ਼ ਰਣਦੀਪ ਮੱਦੋਕੇ ਮੌਜੂਦ ਸਨ। ਇਕੱਠਾਂ ਨੂੰ ਹਰਿੰਦਰ ਕੌਰ ਬਿੰਦੂ, ਪੂਰਨ ਸਿੰਘ ਦੋਦਾ, ਅਮਰਜੀਤ ਸਿੰਘ ਸੈਦੋਕੇ, ਭਗਤ ਸਿੰਘ ਛੰਨਾ, ਮਨਜੀਤ ਸਿੰਘ ਨਿਆਲ, ਨੱਥਾ ਸਿੰਘ ਬਰਾੜ, ਹਰਨੇਕ ਸਿੰਘ ਮਾਲੜੀ ਆਦਿ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: .Punjabi Tribune