ਖੇਤੀ ਕਾਨੂੰਨਾਂ ਤੋਂ ਖਫਾ ਹੋ ਹੁਸ਼ਿਆਰਪੁਰ ਦੇ ਕਿਸਾਨ ਨੇ ਚੁੱਕਿਆ ਵੱਡਾ ਕਦਮ

March 08 2021

ਬਲਾਕ ਮਾਹਿਲਪੁਰ ਦੇ ਪਿੰਡ ਭਾਰਟਾ ਗਣੇਸ਼ਪੁਰ ਦੇ ਕਿਸਾਨ ਨੇ ਆਪਣੇ ਖ਼ੇਤਾਂ ਵਿੱਚ ਪੁੱਤਾਂ ਵਾਂਗ ਪਾਲੀ ਕਣਕ ਦੀ 14 ਕਨਾਲ ਪੱਕਣ ਕਿਨਾਰੇ ਖ਼ੜ੍ਹੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ। ਜੇਕਰ ਕਿਸਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਨਾ ਰੋਕਦੇ ਤਾਂ ਉਸ ਨੇ ਪੰਜ ਏਕੜ ਦੇ ਕਰੀਬ ਕਣਕ ਦੀ ਫ਼ਸਲ ਵਾਹ ਦੇਣੀ ਸੀ। ਪਿੰਡ ਵਿੱਚ ਭਾਜਪਾ ਆਗੂਆਂ ਦੇ ਨਾ ਆਉਣ ਦੇ ਲਾਏ ਪੋਸਟਰਾਂ ਤੋਂ ਬਾਅਦ ਭਰੇ ਮਨ ਨਾਲ ਸਿੱਧੇ ਖ਼ੇਤਾਂ ਵਿੱਚ ਆਏ ਕਿਸਾਨ ਨੇ ਆਪਣੀ ਫ਼ਸਲ ਵਾਹੁਣੀ ਸ਼ੁਰੂ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਭਾਰਟਾ ਗਣੇਸ਼ਪੁਰ ਵਿਖ਼ੇ ਪੰਚਾਇਤ ਤੇ ਪਿੰਡ ਵਾਸੀਆਂ ਨੇ ਇਕੱਠ ਕਰਕੇ ਪਿੰਡ ਵਿੱਚ ਭਾਜਪਾ ਆਗੂਆਂ ਦੇ ਨਾ ਵੜਨ ਦਾ ਮਤਾ ਪਾ ਕੇ ਪਿੰਡ ਵਿੱਚ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਦੇ ਹੀ ਖੇਤੀ ਬਿੱਲਾਂ ਤੋਂ ਭਰੇ ਪੀਤੇ ਕਿਸਾਨ ਹਰਜੀਤ ਸਿੰਘ ਪੰਧੇਰ ਆਪਣਾ ਟਰੈਕਟਰ ਲੈ ਕੇ ਪਿੰਡ ਪਥਰਾਲਾ ਦੇ ਬਾਹਰਵਾਰ ਆਪਣੀ ਜ਼ਮੀਨ ਵਿੱਚ ਆ ਗਿਆ ਤੇ ਪੱਕਣ ਤੇ ਆਈ ਕਣਕ ਦੀ ਫ਼ਸਲ ਟਰੈਕਟਰ ਨਾਲ ਵਾਹੁਣੀ ਸ਼ੁਰੂ ਕਰ ਦਿੱਤੀ।

ਪਤਾ ਲੱਗਦਿਆਂ ਹੀ ਉਸ ਦੇ ਭਰਾ ਤੇ ਰਿਸ਼ਤੇਦਾਰ ਤੇ ਹੋਰ ਪਿੰਡ ਵਾਸੀ ਉਸ ਦੇ ਪਿੱਛੇ ਆ ਗਏ। ਤਦ ਤੱਕ ਹਰਜੀਤ ਸਿੰਘ 14 ਕਨਾਲ ਕਣਕ ਦੀ ਫ਼ਸਲ ਤੇ ਤਵੀਆਂ ਫ਼ੇਰ ਚੁੱਕਾ ਸੀ। ਉਸ ਨੂੰ ਨਾ ਰੋਕਦੇ ਤਾਂ ਉਸ ਨੇ ਸਾਰੀ ਫ਼ਸਲ ਤਬਾਹ ਕਰ ਦੇਣੀ ਸੀ। ਪਰਿਵਾਰਕ ਮੈਂਬਰਾਂ ਨੇ ਰਹਿੰਦੀ ਫ਼ਸਲ ਵਿੱਚ ਪਾਣੀ ਛੱਡ ਕੇ ਬਚਾਇਆ।

ਹਰਜੀਤ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਅੱਜ ਤੱਕ ਦੇ ਇਤਿਹਾਸ ਦੀ ਜਾਲਮ ਸਰਕਾਰ ਹੋ ਨਿੱਬੜੀ ਹੈ। ਹੁਣ ਤੱਕ 250 ਦੇ ਕਰੀਬ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਦਰਦ ਤਾਂ ਇੱਕ ਪਾਸੇ ਉਨ੍ਹਾਂ ਲਈ ਇੱਕ ਸ਼ਬਦ ਵੀ ਨਹੀਂ ਬੋਲ ਰਹੀ। ਉਨ੍ਹਾਂ ਕਿਹਾ ਕਿ ਫ਼ਸਲ ਤੇ ਖ਼ੇਤੀ ਤੇ ਕਿਸਾਨੀ ਤੇ ਕਿਸਾਨੀ ਪਰਿਵਾਰ ਨਿਰਭਰ ਹੈ ਪਰ ਮੋਦੀ ਸਰਕਾਰ ਨੇ ਸਭ ਕੁਝ ਫ਼ਨਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦੋ ਸਾਲ ਤੱਕ ਫ਼ਸਲ ਨਾ ਬੀਜਣ ਤਾਂ ਕੇਂਦਰ ਸਰਕਾਰ ਦੇ ਨਾਲ ਨਾਲ ਪ੍ਰਧਾਨ ਮੰਤਰੀ ਦੀ ਅਕਲ ਵੀ ਟਿਕਾਣੇ ਆ ਸਕਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live