ਖੇਤੀ ਕਾਨੂੰਨਾਂ ਖ਼ਿਲਾਫ਼ ਨਿੱਤਰੇ ਕਲਾਕਾਰਾਂ ਵੱਲੋਂ ਰੋਸ ਮੁਜ਼ਾਹਰਾ

February 08 2021

ਮੋਦੀ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਇਥੇ ਸੈਕਟਰ-17 ਪਲਾਜ਼ਾ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਚੰਡੀਗੜ੍ਹ ਵਾਸੀਆਂ ਨੇ ਮਟਕਾ ਚੌਕ ’ਤੇ ਵੀ ਰੋਸ ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹਰਦੇਵ ਸਿੰਘ, ਸਰਬਜੀਤ ਸਿੰਘ, ਤਰੁਣ ਕੁਮਾਰ ਸ਼ਰਮਾ, ਵਿਨੋਦ ਕੁਮਾਰ, ਅਮਨਦੀਪ ਕੌਰ, ਵਿਜੇ ਕੁਮਾਰ, ਜਸਪ੍ਰੀਤ ਆਦਿ ਨੇ ਦੱਸਿਆ ਕਿ ਦੇਸ਼ ਦੇ ਅੰਨਦਾਤੇ ਦੀਆਂ ਜ਼ਮੀਨਾਂ ਦੇ ਹੱਕ ਖੋਹਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਕਲਾਕਾਰਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਇਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਇਨ੍ਹਾਂ ਕਲਾਕਾਰਾਂ ਨੇ ਹੱਥਾਂ ਵਿੱਚ ਮੋਦੀ ਸਰਕਾਰ ਵਿਰੋਧੀ ਅਤੇ ਕਿਸਾਨ-ਪੱਖੀ ਪੋਸਟਰ ਫੜੇ ਹੋਏ ਸਨ ਤੇ ਕੜਾਕੇ ਦੀ ਠੰਢ ਵਿੱਚ ਉਹ ਪਲਾਜ਼ਾ ’ਤੇ ਮੋਦੀ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲਈ ਅੰਨਦਾਤਾ ਨੂੰ ਪ੍ਰੇਸ਼ਾਨ ਕਰ ਰਹੀ ਹੈ। ਰੋਸ ਪ੍ਰਦਰਸ਼ਨ ਵਿੱਚ ਇਕੱਤਰ ਹੋਏ ਕਲਾਕਾਰਾਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸੇ ਤਰ੍ਹਾਂ ਦੇਰ ਸ਼ਾਮ ਸੈਕਟਰ 17 ਦੇ ਮਟਕਾ ਚੌਕ ਵਿੱਚ ਵੀ ਆਪ ਮੁਹਾਰੇ ਇਕੱਠੇ ਹੋਏ ਲੋਕਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਭੰਡਿਆ।

ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ

ਪੰਚਕੂਲਾ ਦੇ ਚੰਡੀਮੰਦਰ ਅਤੇ ਨੱਗਲ (ਬਰਵਾਲਾ) ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਇਨ੍ਹਾਂ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਧਰਨੇ ਨੂੰ ਬਲਾਕ ਪ੍ਰਧਾਨ ਕਰਮ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਇਹ ਧਰਨਾ ਉਸ ਸਮੇਂ ਤਕ ਨਹੀਂ ਹਟਾਉਣਗੇ, ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਅੱਜ ਵੀ ਦੋਵੇਂ ਟੋਲ ਪਲਾਜ਼ਿਆਂ ’ਤੇ ਵਾਹਨਾਂ ਦਾ ਲਾਘਾਂ ਟੌਲ-ਫਰੀ ਰਿਹਾ। ਇਨ੍ਹਾਂ ਟੌਲ ਪਲਾਜ਼ਿਆਂ ’ਤੇ ਪੁਲੀਸ ਵੀ ਤਾਇਨਾਤ ਹੈ। ਅੱਜ ਕਿਸਾਨ ਮਹਿਲਾਵਾਂ ਨੇ ਵੀ ਧਰਨਾ ਦਿੱਤਾ। ਕਲਗੀਧਰ ਸੇਵਾ ਸੁਸਾਇਟੀ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਟੌਲ ਪਲਾਜ਼ਿਆਂ ਉੱਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ।

ਕਿਸਾਨ ਵੱਲੋਂ ਇਮਾਨਦਾਰੀ ਦਾ ਸਬੂਤ

ਇੱਥੋਂ ਵਾਰਡ ਨੰਬਰ ਅੱਠ ਦੇ ਵਸਨੀਕ ਕਿਸਾਨ ਅਵਤਾਰ ਸਿੰਘ ਬਾਜਵਾ ਨੇ ਸੜਕ ਤੋਂ ਮਿਲੇ 35 ਹਜ਼ਾਰ ਰੁਪਏ ਅਤੇ ਹੋਰ ਜ਼ਰੂਰੀ ਦਸਤਾਵੇਜ਼ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਉਸ ਨੂੰ ਬੀਤੀ ਸ਼ਾਮ ਘਰ ਨੂੰ ਜਾਂਦਿਆਂ ਸੜਕ ਉੱਤੋਂ ਲੱਭੇ ਲਿਫ਼ਾਫੇ ਵਿਚੋਂ ਇਹ ਰਾਸ਼ੀ ਤੇ ਹੋਰ ਸਾਮਾਨ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਵਿੱਚੋਂ ਮਿਲੀ ਸ਼ਨਾਖਤ ਦੇ ਆਧਾਰ ਉੱਤੇ ਉਨ੍ਹਾਂ ਵਾਰਡ ਸੱਤ ਦੇ ਦੁਕਾਨਦਾਰ ਪ੍ਰਵੀਨ ਕੁਮਾਰ ਦੇ ਘਰ ਜਾ ਕੇ ਖੁਦ ਸਾਰੀ ਰਾਸ਼ੀ ਵਾਪਸ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune