ਖੇਤੀ ਕਾਨੂੰਨਾਂ ਖ਼ਿਲਾਫ਼ ਡਟਿਆ ਹਰ ਵਰਗ

February 12 2021

ਪੰਜਾਬ ਦੇ ਕੇਂਦਰ ਬਿੰਦੂ ਮੰਨੇ ਜਾਂਦੇ ਜਗਰਾਉਂ ’ਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੱਖੀ ਗਈ ਪਹਿਲੀ ਸਰਬ ਸਮਾਜ ਮਹਾਪੰਚਾਇਤ ’ਚ ਸੂਬੇ ਦੇ ਕੋਨੇ-ਕੋਨੇ ਤੋਂ ਕਿਸਾਨ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਪ੍ਰਬੰਧਕਾਂ ਦੀਆਂ ਆਸਾਂ ਤੋਂ ਕਿਤੇ ਵੱਧ ਲੋਕਾਂ ਦੇ ਵੱਡੇ ਇਕੱਠ ਨੇ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਅਹਿਦ ਲਿਆ। ਠਾਠਾਂ ਮਾਰਦੇ ਇਕੱਠ ’ਚ ਹਰੀਆਂ-ਪੀਲੀਆਂ ਝੰਡੀਆਂ, ਦਸਤਾਰਾਂ ਅਤੇ ਚੁੰਨੀਆਂ ਨੇ ਕਿਸਾਨੀ ਮੋਰਚੇ ਦੇ ਰੰਗ ਬਿਖੇਰੇ।

ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਹਕੂਮਤ ਨੂੰ ਲਲਕਾਰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕੋਈ ਵੀ ਜਨ ਅੰਦੋਲਨ ਕਦੇ ਵੀ ਫੇਲ੍ਹ ਨਹੀਂ ਹੋਇਆ ਹੈ। ‘ਭਾਵੇਂ ਦੇਸ਼ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਦੀ ਗੱਲ ਹੋਵੇ, ਇਸ ਮਿੱਟੀ ਦੇ ਜਾਇਆਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਹੈ। ਹੁਣ ਤਾ ਸਾਡੇ ਖੇਤਾਂ, ਸਾਡੇ ਹੱਕਾਂ ਦੀ ਗੱਲ ਹੈ।’ ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਨੂੰ ਜਾਣ ਲੈਣਾ ਚਾਹੀਦਾ ਕਿ ਹੁਣ ਕਾਰਪੋਰੇਟ ਘਰਾਣਿਆਂ ਦੀ ਭਾਈਵਾਲੀ ਅਤੇ ਕਿਸਾਨਾਂ ’ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨ ਮਨਜ਼ੂਰ ਨਹੀਂ ਹਨ। ‘ਸਾਨੂੰ ਆਪਣੇ ਹੱਕ ਲੈਣੇ ਬਾਖੂਬੀ ਆਉਂਦੇ ਹਨ। ਅੱਜ ਨਹੀਂ ਤਾਂ ਕੱਲ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣੇ ਹਨ।’ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਉਗਰਾਹਾਂ ਨੇ ਕਿਹਾ ਕਿ ਉਹ ਘਰ-ਘਰ ਤੋਂ ਦਿੱਲੀ ਮੋਰਚੇ ’ਚ ਪੁੱਜਣ ਅਤੇ ਜਿੱਤ ਨੂੰ ਯਕੀਨ ’ਚ ਬਦਲਣ ਲਈ ਯੋਗਦਾਨ ਪਾਉਣ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਉਨ੍ਹਾਂ ਦਾ ਇੰਦਰਾ ਗਾਂਧੀ ਸਮੇਤ ਦੇਸ਼ ਦੇ ਕਈ ਪ੍ਰਧਾਨ ਮੰਤਰੀਆਂ ਨਾਲ ਵਾਹ ਪਿਆ ਹੈ ਪ੍ਰੰਤੂ ਅਜਿਹਾ ਝੂਠਾ ਪ੍ਰਧਾਨ ਮੰਤਰੀ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਆਖਿਆ,‘‘ਮੋਦੀ ਨੇ ਆਪਣੇ ਸੂਬੇ ਦੇ ਲੋਕਾਂ ਹੱਥੋਂ ਦੇਸ਼ ਲੁਟਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਅਡਾਨੀ, ਅੰਬਾਨੀ ਅਤੇ ਸ਼ਾਹ ਗੁਜਰਾਤ ਦੇ ਹਨ। ਬਾਕੀ ਜਿਹੜੇ ਤਿੰਨ-ਚਾਰ ਵਿਅਕਤੀ ਦੇਸ਼ ਦੀਆਂ ਬੈਂਕਾਂ ਨੂੰ ਲੁੱਟ ਕੇ ਵਿਦੇਸ਼ ਭੱਜ ਗਏ ਹਨ, ਉਹ ਵੀ ਸਾਰੇ ਮੋਦੀ ਦੇ ਸੂਬੇ ਨਾਲ ਹੀ ਸਬੰਧਤ ਹਨ।’’ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਾਉਣ ਤੱਕ ਲੋਕਾਂ ਨੂੰ ਡਟੇ ਰਹਿਣ ਦਾ ਹੋਕਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤਾਂ ਦੁਨੀਆ ਦੇ ਅਣਗਿਣਤ ਦੇਸ਼ਾਂ ਦੀ ਕਿਸਾਨਾਂ ਨੂੰ ਹਮਾਇਤ ਪ੍ਰਾਪਤ ਹੈ। ਮਹਾਪੰਚਾਇਤ ਨੂੰ ਬੀਬੀ ਪਵਿੱਤਰ ਕੌਰ, ਮਨਜੀਤ ਧਨੇਰ, ਨਿਰਭੈ ਸਿੰਘ ਢੁੱਡੀਕੇ, ਕਾਕਾ ਸਿੰਘ, ਬਲਦੇਵ ਸਮਰਾ, ਸਤਨਾਮ ਵੜੈਚ, ਵਿਜੈ ਕਾਲੜਾ, ਹਰਿੰਦਰ ਲੱਖੋਵਾਲ ਆਦਿ ਨੇ ਵੀ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune