ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ, ਰੇਲਵੇ ਨੇ ਤਾਇਨਾਤ ਕੀਤੀਆਂ 20 ਵਾਧੂ ਕੰਪਨੀਆਂ

February 18 2021

ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਧਰਨੇ-ਪ੍ਰਦਰਸ਼ਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਯਾਨੀ ਅੱਜ ਦੁਪਹਿਰੇ 12 ਤੋਂ ਲੈ ਕੇ ਸ਼ਾਮ 4 ਵਜੇ ਤਕ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਿਕ, ਵੀਰਵਾਰ ਨੂੰ ਦੇਸ਼ ਭਰ ਚ ਹਜ਼ਾਰਾਂ ਕਿਸਾਨ ਰੇਲ ਪੱਟੜੀਆਂ ਤੇ ਬੈਠਣਗੇ। ਕਿਸਾਨਾਂ ਦੀ ਯੋਜਨਾ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ ਚਾਰ ਘੰਟੇ ਲਈ ਠੱਪ ਕਰਨ ਦੀ ਹੈ।

ਉੱਥੇ ਹੀ ਰੇਲ ਰੋਕੋ ਅੰਦੋਲਨ ਸਬੰਧੀ ਰੇਲਵੇ ਵੀ ਅਲਰਟ ਹੈ। ਜੀਆਰਪੀ ਤੇ ਆਰਪੀਐੱਫ ਦੇ ਜਵਾਨਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਜਿੱਥੇ-ਜਿੱਥੇ ਅੰਦੋਲਨ ਦਾ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ, ਉੱਥੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਰੇਲਵੇ ਨੇ ਆਰਪੀਐੱਸਐੱਫ ਦੀਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ। ਇਹ ਕੰਪਨੀਆਂ ਪੰਜਾਬ, ਹਰਿਆਣਾ, ਯੂਪੀ ਤੇ ਪੱਛਮੀ ਬੰਗਾਲ ਚ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਗੀਆਂ।

ਸਰਕਾਰ ਤੇ ਦਬਾਅ ਬਣਾਉਣ ਲਈ ਰੇਲ ਰੋਕੋ ਅੰਦੋਲਨ

ਨਿਊਜ਼ ਏਜੰਸੀ IANS ਮੁਤਾਬਿਕ ਜੈ ਕਿਸਾਨ ਅੰਦੋਲਨ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਜਿਸ ਵੇਲੇ ਟ੍ਰੈਫਿਕ ਸਭ ਤੋਂ ਘੱਟ ਹੁੰਦੀ ਹੈ, ਉਸ ਵੇਲੇ ਅਸੀਂ ਸੜਕ ਜਾਮ ਕੀਤੀ ਤੇ ਇਸੇ ਤਰ੍ਹਾਂ ਦਿਨ ਵਿਚ ਟ੍ਰੇਨਾਂ ਦੀ ਟ੍ਰੈਫਿਕ ਵੀ ਘੱਟ ਹੁੰਦੀ ਹੈ ਕਿਉਂਕਿ ਲੰਬੀ ਦੂਰੀ ਦੀਆਂ ਟ੍ਰੇਨਾਂ ਜ਼ਿਆਦਾਤਰ ਰਾਤ ਨੂੰ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੂਰਾ ਅੰਦੋਲਨ ਯੋਜਨਾ ਮੁਤਾਬਿਕ ਹੋਵੇ। ਰੇਲ ਰੋਕੋ ਅੰਦੋਲਨ ਦਾ ਮਕਸਦ ਸਰਕਾਰ ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣਾ ਹੈ।

ਵਿਚਕਾਰ ਰਸਤੇ ਟ੍ਰੇਨਾਂ ਨਹੀਂ ਰੋਕੀਆਂ ਜਾਣਗੀਆਂ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਦੇ ਵਿਚਕਾਰ ਰਸਤੇ ਟ੍ਰੇਨਾਂ ਨਹੀਂ ਰੋਕੀਆਂ ਜਾਣਗੀਆਂ। ਟਿਕੈਤ ਨੇ ਕਿਹਾ ਕਿ ਕਿਸਾਨ ਇੰਜਣ ਤੇ ਫੁੱਲ ਚੜ੍ਹਾ ਕੇ ਰੇਲਾਂ ਰੋਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਰਸਤੇ ਚ ਚਾਹ-ਨਾਸ਼ਤਾ ਵੀ ਕਰਵਾਇਆ ਜਾਵੇਗਾ।

ਰੇਲ ਸੰਚਲਨ ਚ ਅੜਿੱਕਾ ਪਾਉਣਾ ਅਪਰਾਧ, ਜਾਣੋ ਕੀ ਹੈ ਕਾਨੂੰਨ

ਰੇਲਵੇ ਦੇ ਸੰਚਾਲਨ ਚ ਜੇਕਰ ਕੋਈ ਕਿਸੇ ਤਰ੍ਹਾਂ ਦਾ ਅੜਿੱਕਾ ਪਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਟ੍ਰੇਨ ਤੇ ਕਿਸੇ ਤਰ੍ਹਾਂ ਦਾ ਸਾਮਾਨ ਸੁੱਟਿਆ ਜਾਵੇ ਜਾਂ ਪੱਟੜੀ ਨੂੰ ਨੁਕਸਾਨ ਪੁੱਜੇ ਤਾਂ ਦੋਸ਼ੀ ਨੂੰ ਰੇਲਵੇ ਐਕਟ ਦੀ ਧਾਰਾ 150 ਤਹਿਤ ਉਮਰਕੈਦ ਦਿੱਤੀ ਜਾ ਸਕਦੀ ਹੈ। ਧਾਰਾ 174 ਕਹਿੰਦੀ ਹੈ ਕਿ ਜੇਕਰ ਟ੍ਰੈਕ ਤੇ ਬੈਠ ਕੇ ਜਾਂ ਕੁਝ ਰੱਖ ਕੇ ਟ੍ਰੇਨ ਰੋਕੀ ਜਾਂਦੀ ਹੈ ਤਾਂ ਦੋ ਸਾਲ ਦੀ ਜੇਲ੍ਹ ਜਾਂ 2,000 ਰੁਪਏ ਦੇ ਜੁਰਮਾਨੇ ਜਾਂ ਫਿਰ ਦੋਵਾਂ ਦੀ ਸਜ਼ਾ ਹੋ ਸਕਦੀ ਹੈ। ਰੇਲਵੇ ਮੁਲਾਜ਼ਮਾਂ ਦੇ ਕੰਮ ਚ ਅੜਿੱਕਾ ਪਾਉਣ ਤੇ, ਰੇਲ ਚ ਜ਼ਬਰਦਸਤੀ ਵੜਨ ਤੇ ਧਾਰਾ 146, 147 ਤਹਿਤ ਛੇ ਮਹੀਨੇ ਦੀ ਜੇਲ੍ਹ ਜਾਂ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran