ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡੱਟਿਆ ਅੰਨਦਾਤਾ

December 10 2020

ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅੱਗੇ 70ਵੇਂ ਦਿਨ ਅਤੇ ਸਥਾਨਕ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਧਰਨੇ ਜਾਰੀ ਹਨ। ਇਨ੍ਹਾਂ ਧਰਨਿਆਂ ਵਿੱਚ ਬਜ਼ੁਰਗ ਔਰਤਾਂ ਤੇ ਕਿਸਾਨ ਬੀਬੀਆਂ ਤੇ ਬੱਚਿਆਂ ਨਾਲ ਸ਼ਿਰਕਤ ਕੀਤੀ। 

ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕਿਸਾਨਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਾਨੂੰਨ ਵਿੱਚ ਕੁਝ ਤਬਦੀਲੀਆਂ ਦੇ ਪ੍ਰਸਤਾਵ ਕਰਨ ਦਾ ਸੁਝਾਅ ਰੱਦ ਕਰਦੇ ਹੋਏ ਆਖਿਆ ਕਿ ਇਹ ਕਾਨੂੰਨ ਰੱਦ ਕਰਵਾ ਕੇ ਹੀ ਕਿਸਾਨ ਦਮ ਲੈਣਗੇ। 

ਉਨ੍ਹਾਂ ਕਿਹਾ ਕਿ ਮੰਗਲਵਾਰ ਦੀ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦੀ ਗਈ ਕਿਸਾਨ ਯੂਨੀਅਨਾਂ ਦੀ ਮੀਟਿੰਗ ਵਿਚ 40 ਵਿੱਚੋਂ ਸਿਰਫ 13 ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿਚ ਸੱਦਾ ਦਿੱਤੇ ਜਾਣ ਤੋਂ ਮੋਦੀ ਸਰਕਾਰ ਦੀ ਕਿਸਾਨ ਜਥੇਬੰਦੀਆਂ ਦੀ ਏਕਤਾ ਨੂੰ ਖੇਰੂ-ਖੇਰੂ ਕਰਨ ਦੀ ਸਾਜਿਸ਼ ਸਾਫ ਹੋ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਤੇ ਮਤਭੇਦ ਪੈਦਾ ਕਰ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜਿਸ ਤੋਂ ਜਥੇਬੰਦੀਆਂ ਪਹਿਲਾਂ ਹੀ ਭਲੀਭਾਂਤ ਜਾਣੂ ਹਨ। ਇਸ ਮੌਕੇ ਲਖਵੀਰ ਸਿੰਘ ਖੋਸਾ, ਭਜਨ ਸਿੰਘ ਦੌਧਰ, ਰਛਪਾਲ ਸਿੰਘ ਮਹੇਸਰੀ, ਰਮਨਦੀਪ ਕੌਰ ਝੰਡੇਵਾਲਾ, ਹਜੂਰਾ ਸਿੰਘ ਘੱਲਕਲਾਂ, ਹਰਮੀਤ ਕੌਰ, ਮਨਜੀਤ ਕੌਰ ਤੇ ਗੁਰਮੇਲ ਸਿੰਘ ਕੋਕਰੀ ਹੇਰਾਂ ਤੇ ਹੋਰ ਕਿਸਾਨਾਂ ਨੇ ਸੰਬੋਧਨ ਕੀਤਾ।

ਕੇਂਦਰ ਸਰਕਾਰ ਵੱਲੋ ਭੇਜੀ ਗਈ ਖੇਤੀ ਕਾਨੂੰਨਾਂ ਸਬੰਧੀ ਤਜਵੀਜ਼ ਰੱਦ ਕਰਨ ਤੋਂ ਬਆਦ ਮਾਲਵਾ ਖੇਤਰ ਦੇ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ। ਅੱਜ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਲਗਾਤਾਰ 70ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦੇ ਹੌਸਲੇ ਅਤੇ ਜਜ਼ਬਾਤਾਂ ਨਾਲ ਜਾਰੀ ਇਸ ਧਰਨੇ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਲਿਆ ਗਿਆ।  ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਚੂਲ੍ਹਾਂ ਹਿਲਾਉਣ ਲਈ ‘ਕਰੋ ਜਾਂ ਮਰੋ’ ਦੀ ਨੀਤੀ ਤਹਿਤ ਅੰਦੋਲਨ ਪੂਰੀਆਂ ਸਿਖਰਾਂ ਵੱਲ ਜਾ ਰਿਹਾ ਹੈ ਅਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ’ਤੇ ਲੱਗੀਆਂ ਹੋਈਆਂ ਹਨ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਖੇਡ ਖੇਡ ਰਹੀ ਹੈ ਅਤੇ ਵਾਰ-ਵਾਰ ਮੀਟਿੰਗਾਂ ਕਰ ਕੇ ਧਰਨਾਕਾਰੀਆਂ ਨੂੰ ਨਿਰਾਸ਼ ਕਰਨਾ ਚਾਹੁੰਦੀ ਹੈ, ਪਰ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਅਟਲ ਅਤੇ ਦ੍ਰਿੜ੍ਹ ਇਰਾਦੇ ਨਾਲ ਫੈਸਲਾ ਕਰਕੇ ਚੱਲੇ ਹਨ। ਧਰਨੇ ਦੌਰਾਨ ਏਆਈਵਾਈਐਫ ਦੀ ਆਗੂ ਖੁਸ਼ਪਿੰਦਰ ਚੌਹਾਨ ਨੇ ਜ਼ੋਰਦਾਰ ਅਪੀਲ ਕੀਤੀ ਕਿ ਇਹ ਅੰਦੋਲਨ ਕੇਵਲ ਕਿਸਾਨੀ ਅੰਦੋਲਨ ਨਹੀਂ ਹੈ, ਸਗੋਂ ਦੁਨੀਆਂ ਵਿੱਚ ਅੰਨ ਖਾਣ ਵਾਲੇ ਸਾਰੇ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਅਣਖ ਇਜ਼ੱਤ ਅਤੇ ਰੋਟੀ ਨੂੰ ਬਚਾਉਣ ਲਈ ਅੰਬਾਨੀਆਂ ਤੇ ਅਡਾਨੀਆਂ ਦੀ ਗੋਡਣੀ ਲਵਾ ਕੇ ਹੀ ਦਮ ਲਵਾਂਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰ ਕੇ ਇਸ ਅੰਦੋਲਨ ਨੂੰ ਜਿੱਤ ਤੱਕ ਲਿਆਂਦਾ ਜਾਵੇ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀ ਕ੍ਰਿਸ਼ਨ ਚੌਹਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ, ਬੀਕੇਯੂ ਡਕੌਂਦਾ ਦੇ ਮੱਖਣ ਉਡਤ, ਬਹੁਜਨ ਕ੍ਰਾਂਤੀ ਮੋਰਚਾ ਦੇ ਸੁਰਿੰਦਰ ਮਾਨਸਾ, ਉੱਘੇ ਕਹਾਣੀਕਾਰ ਅਤੇ ਸਮਾਜ ਸੇਵੀ ਜ਼ਸਵੀਰ ਢੰਡ ਅਤੇ ਸੀਤਾ ਰਾਮ ਆਦਿ ਨੇ ਸੰਬੋਧਨ ਕੀਤਾ।

ਸਰਕਾਰੀ ਡਾਕਟਰ ਵੀ ਕਿਸਾਨੀ ਘੋਲ ਦੇ ਹੱਕ ’ਚ ਨਿੱਤਰੇ 

ਪੰਜਾਬ  ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਸੱਦੇ ਉੱਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਦੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦਿੱਤਾ  ਗਿਆ। ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਐੱਸਐੱਮਓ ਡਾ. ਜਸਵੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ  ਹੋਈ ਮੀਟਿੰਗ ਵਿੱਚ ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਸਤਿੰਦਰਪਾਲ ਸਿੰਘ ਬੁੱਟਰ, ਡਾ.  ਗੁਰਸਿਮਰਨਜੀਤ ਸਿੰਘ, ਡਾ. ਗੁਰਲਵ ਜੌੜਾ, ਡਾ. ਸ਼ਿਖਾ ਅਗਰਵਾਲ, ਡਾ. ਖੁਸ਼ਪ੍ਰੀਤ ਕੌਰ, ਡਾ.  ਰੇਣੂੰ ਬਾਲਾ, ਭਾਰਤ ਭੂਸ਼ਣ, ਗੌਤਮ ਰਿਸ਼ੀ, ਸੁਸ਼ਮਾ ਰਾਣੀ, ਰੋਹਿਤ ਕੁਮਾਰ ਤੇ ਹੋਰ ਸਟਾਫ  ਮੌਜੂਦ ਸੀ। ਡਾ. ਔਲਖ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ ਸੰਘਰਸ਼  ਦੇ ਰਾਹ ਪਏ ਕਿਸਾਨਾਂ ਨਾਲ ਪੂਰੀ ਤਰ੍ਹਾਂ ਖੜ੍ਹੀ  ਹੈ ਅਤੇ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ  ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune