ਖੇਤੀ ਕਾਨੂੰਨ: 41ਵੇਂ ਦਿਨ ਵੀ ਭਖਿਆ ਰਿਹਾ ਅੰਦੋਲਨ

November 11 2020

ਇੱਥੇ ਰੇਲਵੇ ਸਟੇਸ਼ਨ ਸਾਹਮਣੇ ਡਟੇ ਕਿਸਾਨਾਂ ਨੇ 41ਵੇਂ ਦਿਨ ਮੋਦੀ ਸਰਕਾਰ ਨੂੰ ਆਪਣੀ ਅੜੀ ਤਿਆਗ ਕੇ ਗੱਲਬਾਤ ਲਈ ਸੁਖਾਵਾਂ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਿਨਾਂ ਸ਼ਰਤ ਪੰਜਾਬ ’ਚ ਰੇਲਾਂ ਚਾਲੂ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਸੰਜੀਦਾ ਹੋਣ ਦਾ ਪ੍ਰਮਾਣ ਦੇਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਵਜ੍ਹਾ ਰੋਕੀਆਂ ਹੋਈਆਂ ਰੇਲ ਗੱਡੀਆਂ ਫੌਰੀ ਤੌਰ ‘ਤੇ ਚਾਲੂ ਕੀਤੀਆਂ ਜਾਣ ਕਿਉਂਕਿ ਪੰਜਾਬ ਅੰਦਰ ਖੇਤੀ ਬਾੜੀ ਲਈ ਖਾਦਾਂ ਨਾ ਪਹੁੰਚਣ ਕਾਰਨ ਕਿਸਾਨਾਂ ਨੂੰ ਫਸਲਾਂ ਪਾਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲੇ ਦੀ ਸਪਲਾਈ ਨਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਤ ਵਪਾਰੀ ਤਬਕੇ ਦਾ ਤਿਆਰ ਮਾਲ ਮਹੀਨਾ ਭਰ ਦੇ ਵੱਧ ਸਮੇਂ ਤੋਂ ਰੇਲਵੇ ਸਟੇਸ਼ਨਾਂ ਉੱਪਰ ਪਿਆ ਰੁਲ ਰਿਹਾ ਹੈ। ਅੱਜ ਵੱਖ-ਵੱਖ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਜਗਸੀਰ ਸਿੰਘ ਸੀਰਾ ਗੁਰਨਾਮ ਸਿੰਘ ਠੀਕਰੀਵਾਲ, ਜਸਵੀਰ ਸਿੰਘ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਉਜਾਗਰ ਸਿੰਘ ਬੀਹਲਾ, ਕਰਨੈਲ ਸਿੰਘ ਗਾਂਧੀ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ,ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ, ਮਜ਼ਦੂਰ ਆਗੂ ਮੱਖਣ ਸਿੰਘ ਰਾਮਗੜ੍ਹ, ਮੇਲਾ ਸਿੰਘ ਕੱਟੂ, ਸਾਧੂ ਸਿੰਘ ਤੇ ਨਛੱਤਰ ਸਿੰਘ ਆਦਿ ਆਗੂ ਸ਼ਾਮਿਲ ਸਨ। ਸਟੇਜ ਦੀ ਕਾਰਵਾਈ ਜਸਪਾਲ ਸਿੰਘ ਕਲਾਲਮਾਜਰਾ ਨੇ ਨਿਭਾਈ। ਹੁਣ ਮਾਲਵਾ ਖੇਤਰ ਦੀਆਂ ਔਰਤਾਂ ਦੀਵਾਲੀ ਦੇ ਮੱਦੇਨਜ਼ਰ ਘਰਾਂ ਦੀ ਸਾਫ਼-ਸਫ਼ਾਈ ਦੀ ਥਾਂ ਧਰਨਿਆਂ-ਮੁਜ਼ਾਹਰਿਆਂ ਨੂੰ ਤਰਜੀਹ ਦੇਣ ਲੱਗੀਆਂ ਹਨ। ਹੁਣ ਜਦੋਂ ਦੀਵਾਲੀ ਵਿੱਚ ਤਿੰਨ ਦਿਨ ਬਾਕੀ ਰਹਿ ਗਏ ਹਨ ਤਾਂ ਮਾਨਸਾ ਵਿੱਚ ਲੱਗੇ ਪੱਕੇ ਮੋਰਚੇ ਦੇ 41ਵੇਂ ਦਿਨ ਵੱਡੀ ਪੱਧਰ ‘ਤੇ ਔਰਤਾਂ ਮੋਦੀ ਹਕੂਮਤ ਦਾ ਪਿੱਟ-ਸਿਆਪਾ ਕਰਦੀਆਂ ਰਹੀਆਂ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਸਬੀਰ ਕੌਰ ਨੱਤ ਨੇ ਕਿਹਾ ਕਿ ਤਿੱਥ-ਤਿਉਹਾਰਾਂ ਦੀਆਂ ਖੁਸ਼ੀਆਂ ਵੀ ਉਦੋਂ ਹੀ ਚਾਅ ਨਾਲ ਮਨਾਈਆਂ ਜਾਂਦੀਆਂ ਹਨ, ਜਦੋਂ ਕਿਸੇ ਦਾ ਅੰਦਰਲਾ ਮਨ ਖੁਸ਼ ਹੋਵੇ ਅਤੇ ਹੁਣ ਇੱਥੇ ਮੋਦੀ ਦੇ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਔਰਤਾਂ ਦੇ ਚਾਵਾਂ ਨੂੰ ਮਿੱਧ ਧਰਿਆ ਹੈ। ਉਨ੍ਹਾਂ ਲੋਕਾਂ ਨੂੰ ਕਾਲੀ ਦੀਵਾਲੀ ਮਨਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਇਸ ਵਾਰ ਘਰਾਂ ਉਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾਵੇ। ਇਸ ਮੌਕੇ ਇਕਬਾਲ ਸਿੰਘ ਮਾਨਸਾ, ਗੁਰਮੇਲ ਗਾਂਧੀ, ਸੁਖਦੇਵ ਸਿੰਘ ਅਤਲਾ, ਭਜਨ ਸਿੰਘ ਘੁੰਮਣ, ਕੁਲਵਿੰਦਰ ਸਿੰਘ ਉਡਤ, ਬਲਵਿੰਦਰ ਸ਼ਰਮਾ, ਧੰਨਾ ਮੱਲ ਗੋਇਲ, ਭਗਵੰਤ ਸਿੰਘ ਸਮਾਓ, ਨਿੱਕਾ ਸਿੰਘ ਬਹਾਦਰਪੁਰ, ਪ੍ਰਦੀਪ ਗੁਰੂ, ਮਹਿੰਦਰ ਕੌਰ, ਛਿੰਦਰ ਕੌਰ, ਕਰਨੈਲ ਸਿੰਘ ਤੇ ਸੁਖਚਰਨ ਸਿੰਘ ਦਾਨੇਵਾਲੀਆ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune