ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਗੂੰਜੇਗਾ ਸਾਰਾ ਪੰਜਾਬ

September 14 2020

ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਲਕੇ ਸਮੁੱਚਾ ਪੰਜਾਬ ਗੂੰਜੇਗਾ ਅਤੇ ਪਾਰਲੀਮੈਂਟ ਇਜਲਾਸ ਤੋਂ ਐਨ ਪਹਿਲਾਂ ਸੂਬੇ ’ਚ ਵੱਡੇ ਸੰਘਰਸ਼ ਦਾ ਮੁੱਢ ਬੱਝੇਗਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੋਮਵਾਰ ਨੂੰ ਹਰੀਕੇ ਹੈੱਡ, ਬਿਆਸ ਪੁਲ ਅਤੇ ਟਾਂਡਾ ਹਰਗੋਬਿੰਦਪੁਰ ਪੁਲ ’ਤੇ ਸੰਕੇਤਕ ਰੂਪ ਵਿਚ ਜਾਮ ਲਾਏ ਜਾਣਗੇ ਜਿਨ੍ਹਾਂ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਕਮੇਟੀ ਨੇ ਹੁਣ ਛੇ ਦੀ ਬਜਾਏ ਤਿੰਨ ਜ਼ਿਲ੍ਹਿਆਂ ਵਿਚ ਮੋਰਚਾ ਭਖਾ ਲਿਆ ਹੈ। ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਪ੍ਰਤੀ ਸੁਰ ਨਰਮ ਰੱਖੀ ਹੋਈ ਹੈ। ਕਿਧਰੇ ਵੀ ਪੁਲੀਸ ਵੱਲੋਂ ਕਿਸਾਨਾਂ ਦੇ ਅਗੇਤੇ ਰਾਹ ਰੋਕਣ ਦਾ ਸਮਾਚਾਰ ਨਹੀਂ ਹੈ। ਮਾਝੇ ਤੇ ਦੁਆਬੇ ਦੇ ਦਰਿਆਈ ਪੁਲ ਜਾਮ ਹੋਣ ਦੀ ਸੂਰਤ ਵਿਚ ਭਲਕੇ ਲੋਕਾਂ ਨੂੰ ਦਿੱਕਤਾਂ ਆ ਸਕਦੀਆਂ ਹਨ ਜਿਸ ਕਰ ਕੇ ਪੁਲੀਸ ਨੇ ਅੱਜ ਬਦਲਵੇਂ ਰਸਤੇ ਤਲਾਸ਼ ਲਏ ਹਨ ਤਾਂ ਜੋ ਟਰੈਫ਼ਿਕ ਵਿਚ ਕੋਈ ਵਿਘਨ ਨਾ ਪਵੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਦਸ ਕਿਸਾਨ ਧਿਰਾਂ ਵੱਲੋਂ 14 ਸਤੰਬਰ ਨੂੰ ਬਰਨਾਲਾ, ਮੋਗਾ, ਫਗਵਾੜਾ, ਪਟਿਆਲਾ ਅਤੇ ਅੰਮ੍ਰਿਤਸਰ ’ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ‘ਲਲਕਾਰ ਰੈਲੀਆਂ’ ਕੀਤੀਆਂ ਜਾਣਗੀਆਂ। 

ਇਨਕਲਾਬੀ ਕੇਂਦਰ ਦੇ ਸੀਨੀਅਰ ਆਗੂ ਨਰਾਇਣ ਦੱਤ ਨੇ ਕਿਹਾ ਕਿ  ਬਰਨਾਲਾ ਦੀ ‘ਲਲਕਾਰ ਰੈਲੀ’ ਵਿਚ 15 ਹਜ਼ਾਰ ਕਿਸਾਨ ਇਕੱਠੇ ਹੋਣਗੇ।  ਵੇਰਵਿਆਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 15 ਸਤੰਬਰ ਨੂੰ ਪਿੰਡ ਬਾਦਲ ਅਤੇ ਪਟਿਆਲਾ ’ਚ ਕਿਸਾਨ ਮੋਰਚਾ ਲਾਇਆ ਜਾ ਰਿਹਾ ਹੈ ਜੋ ਛੇ ਦਿਨ ਚੱਲੇਗਾ। ਮਲਵਈ ਪਿੰਡਾਂ ਵਿਚ ਮੋਰਚੇ ਲਈ ਵੱਡੇ ਪੱਧਰ ’ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 

ਬੀਕੇਯੂ (ਰਾਜੇਵਾਲ) ਅਤੇ ਬੀਕੇਯੂ (ਲੱਖੋਵਾਲ) ਸਮੇਤ ਦਰਜਨ ਕਿਸਾਨ ਜਥੇਬੰਦੀਆਂ ਵੱਲੋਂ ਵੀ 15 ਸਤੰਬਰ ਨੂੰ ਦੋ ਘੰਟੇ ਲਈ ਸੜਕੀ ਜਾਮ ਲਾਇਆ ਜਾਵੇਗਾ। ਪਹਿਲੀ ਵਾਰ ਹੈ ਜਦੋਂ ਸਾਰੇ ਕਿਸਾਨਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਇੱਕੋ ਵੇਲੇ ਕੇਂਦਰ ਖ਼ਿਲਾਫ਼ ਬਿਗਲ ਵਜਾਇਆ ਗਿਆ ਹੈ। 

ਕਿਸਾਨਾਂ ਦੇ ਨਿਸ਼ਾਨੇ ’ਤੇ ਰਿਹਾ ਅਕਾਲੀ ਦਲ 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਜੇਲ੍ਹ ਭਰੋ ਅੰਦੋਲਨ ਦੇ ਸੱਤਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਜੇਕਰ ਖੇਤੀ ਆਰਡੀਨੈਂਸ ਵਾਪਸ ਨਾ ਲਏ ਗਏ ਤਾਂ ਪੰਜਾਬ ਵਿਚ ਅਸ਼ਾਂਤੀ ਫੈਲ ਸਕਦੀ ਹੈ। ਹੁਣ ਕਿਸਾਨਾਂ ਵੱਲੋਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਵਿਚ ਇਕੱਠ ਕੀਤੇ ਜਾ ਰਹੇ ਹਨ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਮੁਤਾਬਕ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਹਾ ਗਿਆ ਕਿ ਜੇਕਰ ਊਨ੍ਹਾਂ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਉਹ ਫੌਰੀ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕਰਨ। 

ਸੁਖਬੀਰ ਕੇਂਦਰ ਦਾ ਸਾਥ ਛੱਡੇ: ਕੈਪਟਨ

ਚੰਡੀਗੜ੍ਹ:

ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਪੰਜਾਬ ਦੀ ਸਿਆਸਤ ਉਬਾਲ ਖਾਣ ਲੱਗੀ ਹੈ ਅਤੇ ਕੈਪਟਨ ਸਰਕਾਰ ਇਸ ਮੌਕੇ ਨੂੰ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਘੇਰਾਬੰਦੀ ਵਿਚ ਜੁੱਟ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਖੇਤੀ ਆਰਡੀਨੈਂਸਾਂ ’ਤੇ ਆਪਣੇ ਪਹਿਲੇ ਸਟੈਂਡ ਤੋਂ ਅਚਾਨਕ ਪਲਟਣ (ਯੂ-ਟਰਨ) ਦੇ ਕਦਮ ਨੂੰ ਢਕਵੰਜ ਕਰਾਰ ਦਿੱਤਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਕਿਸਾਨਾਂ ਪ੍ਰਤੀ ਸੰਜੀਦਗੀ ਸਿੱਧ ਕਰਨ ਲਈ ਕੇਂਦਰ ਸਰਕਾਰ ਦਾ ਸਾਥ ਛੱਡਣ ਦੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਆਰਡੀਨੈਂਸ ਲਿਆਉਣ ਵਿੱਚ ਅਕਾਲੀ ਦਲ ਦਾ ਵੀ ਹੱਥ ਹੈ ਅਤੇ ਊਨ੍ਹਾਂ ਆਰਡੀਨੈਂਸਾਂ ਦੀ ਬਿਨਾਂ ਸ਼ਰਤ ਹਮਾਇਤ ਵੀ ਕੀਤੀ ਸੀ। ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਊਨ੍ਹਾਂ ਪੁੱਛਿਆ ਕਿ ਜਦੋਂ ਵੀ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਪੇਸ਼ ਕਰੇਗੀ ਤਾਂ ਕੀ ਅਕਾਲੀ ਲੀਡਰ ਇਨ੍ਹਾਂ ਖਿਲਾਫ਼ ਵੋਟ ਪਾਉਣ ਲਈ ਤਿਆਰ ਹਨ? ਅਕਾਲੀ ਦਲ ਵੱਲੋਂ ਕੇਂਦਰ ਨੂੰ ਕੀਤੀ ਗਈ ਅਖੌਤੀ ਅਪੀਲ ਨੂੰ ਊਨ੍ਹਾਂ ਬੇਹੂਦਗੀ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿੱਚ ਅਕਾਲੀ ਲੀਡਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਭਰੋਸਾ ਦਿੱਤਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਹੁਣ ਅਕਾਲੀ ਦਲ ਦੇ ਕਿਸਾਨੀ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਪੈ ਗਏ ਹਨ।ਕੈਪਟਨ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਊਨ੍ਹਾਂ ਦੀ ਪਤਨੀ ਕੇਂਦਰ ’ਚ ਮੰਤਰੀ ਹੈ ਤਾਂ ਕੀ ਉਨ੍ਹਾਂ ਇਕ ਵਾਰ ਵੀ ਮੰਤਰੀ ਮੰਡਲ ਵਿਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾਂ ਨਹੀਂ।

ਸੁਖਬੀਰ ਦੀ ਸਿਆਸੀ ਹੋਂਦ ਖਤਰੇ ’ਚ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪਹਿਲੀ ਵਾਰ ਆਪਣੀ ਪਾਰਟੀ ਅੰਦਰੋਂ ਅਤੇ ਬਾਹਰੋਂ ਚੁਣੌਤੀ ਖੜ੍ਹੀ ਹੋਈ ਹੈ ਕਿਉਂਕਿ ਸੁਖਬੀਰ ਦੇ ਖੇਤੀ ਆਰਡੀਨੈਂਸਾਂ ਦੀ ਥਾਂ ਕੁਰਸੀ ਬਚਾਉਣ ਦੇ ਫ਼ੈਸਲੇ ਨੇ ਅਕਾਲੀ ਦਲ ਦੀ ਹੋਂਦ ਨੂੰ ਹੀ ਖਤਰਾ ਖੜ੍ਹਾ ਕਰ ਦਿੱਤਾ ਹੈ। ਊਨ੍ਹਾਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਹੁਣ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਰ ਕੇ ਸੁਖਬੀਰ ਬਾਦਲ ਹੁਣ ਯੂ-ਟਰਨ ਲੈਣ ਲੱਗੇ ਹਨ। ਜਾਖੜ ਨੇ ਕਿਹਾ ਕਿ ਸੁਖਬੀਰ ਦਾ ਸਟੈਂਡ ਪਾਰਟੀ ਹਿੱਤਾਂ ਖਿਲਾਫ ਰਿਹਾ ਹੈ ਅਤੇ ਕੁਰਸੀ ਲਈ ਕੇਂਦਰ ਅੱਗੇ ਪਾਰਟੀ ਨੂੰ ਗੋਡੇ ਟੇਕਣੇ ਪਏ ਹਨ। 

ਦੋਗਲਾਪਣ ਛੱਡੋ, ਸਪੱਸ਼ਟ ਦੱਸੋ: ਬਾਜਵਾ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਥਾਂ ਇਹ ਸਪੱਸ਼ਟ ਕਰਨ ਕਿ ਉਹ ਕੇਂਦਰ ਵਲੋਂ ਲਿਆਂਦੇ ਖੇਤੀ ਆਰਡੀਨੈਸਾਂ ਨੂੰ ਕਿਸਾਨ ਪੱਖੀ ਸਮਝਦੇ ਹਨ ਜਾਂ ਕਿਸਾਨ ਮਾਰੂ। ਊਨ੍ਹਾਂ ਇਹ ਵੀ ਸਪਸ਼ਟ ਕਰਨ ਲਈ ਕਿਹਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਅਕਾਲੀ ਦਲ ਆਰਡੀਨੈਸਾਂ ਦੇ ਹੱਕ ਵਿਚ ਭੁਗਤੇਗਾ ਜਾਂ ਵਿਰੋਧ ਕਰੇਗਾ। ਸ੍ਰੀ ਬਾਜਵਾ ਨੇ ਕਿਹਾ ਕਿ ਸੁਖਬੀਰ ਅਜੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦੋਂ ਕਿ ਉਹ ਜਾਣਦੇ ਹਨ ਕਿ ਇਹ ਆਰਡੀਨੈਂਸ ਪਾਰਲੀਮੈਂਟ ਵਿਚ ਇਸੇ ਸੈਸ਼ਨ ਦੌਰਾਨ ਅਤੇ ਇਸੇ ਰੂਪ ਵਿਚ ਪੇਸ਼ ਕੀਤੇ ਜਾਣੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune