ਖੇਤੀ ਆਰਡੀਨੈਂਸ ਰੱਦ ਕਰਾਉਣ ਲਈ ਕਿਸਾਨ ਇਕਜੁੱਟ

September 16 2020

ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਨ ਲਈ ਸਾਰੇ ਪੰਜਾਬ ਦੀ ਸੜਕਾਂ ਨੂੰ ਜਾਮ ਕਰਨ ਦੀ ਕੜੀ ਵਜੋਂ ‘ਰਮਦਿੱਤੇ ਵਾਲਾ’ ਚੌਕ ਮਾਨਸਾ ਵਿੱਚ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਬੋਘ ਸਿੰਘ ਮਾਨਸਾ, ਪ੍ਰਸ਼ੋਤਮ ਸਿੰਘ ਗਿੱਲ, ਨਿਰਮਲ ਸਿੰਘ ਝੰਡੂਕੇ ਤੇ ਸੁਖਦੇਵ ਸਿੰਘ ਕੋਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਆੜ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾਣਗੀਆਂ।

ਆਗੂਆਂ ਨੇ ਕੇਂਦਰ ਸਰਕਾਰ ਦੇ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਆਰਡੀਨੈਂਸ ਰੱਦ ਨਾ ਕੀਤੇ ਤਾਂ ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪਿੰਡਾਂ ‘ਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਬੱਬੀ ਦਾਨੇਵਾਲੀਆਂ, ਰਾਜ ਕੁਮਾਰ ਐਮ.ਸੀ. ਸਰਦੂਲਗੜ੍ਹ, ਪ੍ਰੇਮ ਦੋਦੜਾ ਬੁਢਲਾਡਾ, ਤੇਜਿੰਦਰ ਭੀਖੀ, ਜਗਦੀਸ਼ ਬੋਹਾ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਖੇਤੀ ਆਰਡੀਨੈਂਸਾਂ ਵਿਰੋਧ ਵਿੱਚ ਮੋਦੀ ਸਰਕਾਰ ਖਿਲਾਫ਼ ਜ਼ਿਲ੍ਹਾ ਕਚਹਿਰੀ ਤੋਂ ਠੀਕਰੀਵਾਲਾ ਚੌਕ ਤੱਕ ਰੋਸ ਮਾਰਚ ਕਰਕੇ ਅਰਥੀ ਫੂਕੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਉਗਰ ਸਿੰਘ ਮੀਰਪੁਰ ਨੇ ਕਿਹਾ ਕਿ ਇਹ ਆਰਡੀਨੈਂਸ ਪੂਰੀ ਤਰ੍ਹਾਂ ਕਿਸਾਨ ਮਾਰੂ ਹਨ ਅਤੇ ਇਨ੍ਹਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਫ਼ਰੀਦਕੋਟ (ਜਸਵੰਤ ਜੱਸ):

ਸੂਬਾ ਪੱਧਰੀ ਸੱਦੇ ‘ਤੇ ਅੱਜ ਇੱਥੇ ਵੱਖ-ਵੱਖ ਪੰਜ ਕਿਸਾਨ ਜਥੇਬੰਦੀਆਂ ਨੇ ਪਿੰਡ ਟਹਿਣਾ ਨੇੜੇ ਨੈਸ਼ਨਲ ਹਾਈਵੇ-54 ਜਾਮ ਕਰਕੇ ਨਵੇਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਇਹ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਬੀ.ਕੇ.ਯੂ. ਏਕਤਾ ਸਿੱਧੂਪੁਰ ਦੇ ਆਗੂ ਬੋਹੜ ਸਿੰਘ ਰੁਪਈਆਂ ਵਾਲਾ, ਬੀ.ਕੇ.ਯੂ ਰਾਜੇਵਾਲ ਦੇ ਆਗੂ ਬਿੰਦਰ ਸਿੰਘ ਗੋਲੇਵਾਲਾ, ਬੀ.ਕੇ.ਯੂ ਕਾਦੀਆਂ ਦੇ ਆਗੂ ਜਸਪਿੰਦਰ ਸਿੰਘ ਰੁਪਈਆਂ ਵਾਲਾ, ਗੁਰਮੀਤ ਸਿੰਘ ਗੋਲੇਵਾਲਾ, ਬੀ.ਕੇ.ਯੂ. ਲੱਖੋਵਾਲ ਦੇ ਆਗੂ ਸਿਮਰਜੀਤ ਸਿੰਘ ਘੁੱਦੂਵਾਲਾ, ਸੁਰਜੀਤ ਸਿੰਘ ਹਰੀਏਵਾਲਾ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਬਲਦੀਪ ਸਿੰਘ ਰੋਮਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਆਰਡੀਨੈਂਸ ਕਿਸਾਨ ਮਾਰੂ ਹਨ ਅਤੇ ਇਸ ਦਾ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਉੱਪਰ ਵੀ ਅਸਰ ਪਵੇਗਾ। ਇਸ ਮੌਕੇ ਕਿਸਾਨ ਇੰਦਰਜੀਤ ਸਿੰਘ, ਗੁਰਾਂਦਿੱਤਾ ਸਿੰਘ, ਨਛੱਤਰ ਸਿੰਘ, ਬਖਤੌਰ ਸਿੰਘ, ਨਾਇਬ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ, ਨਿਸ਼ਾਨ ਸਿੰਘ, ਬਲਵੀਰ ਸਿੰਘ, ਚਮਕੌਰ ਸਿੰਘ, ਵਜ਼ੀਰ ਸਿੰਘ, ਰਾਜਵੀਰ ਸੰਧਵਾਂ, ਪ੍ਰੀਤਮ ਸਿੰਘ, ਰੇਸ਼ਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਕਾਲੀ ਆਗੂ ਨਵਦੀਪ ਸਿੰਘ ਬੱਬੂ ਬਰਾੜ, ਮੱਘਰ ਸਿੰਘ ਅਤੇ ਜਗਸੀਰ ਸਿੰਘ ਭੁੱਲਰ ਆਦਿ ਨੇ ਵੀ ਸ਼ਮੂਲੀਅਤ ਕੀਤੀ। ਆਪਣਾ ਪੰਜਾਬ ਪਾਰਟੀ ਦੇ ਸੂਬਾ ਆਗੂ ਸਨਕਦੀਪ ਸਿੰਘ ਸੰਧੂ, ਸਵਰਨ ਸਿੰਘ ਅਤੇ ਮਾਸਟਰ ਮੱਖਣ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ।

ਬਠਿੰਡਾ (ਸ਼ਗਨ ਕਟਾਰੀਆ):

ਕਿਸਾਨ ਜਥੇਬੰਦੀਆਂ ਦੇ ‘ਸੜਕ ਰੋਕੋ’ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਨੇ ਆਪਣੀ ਡਿਊਟੀ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਜੀਦਾ ਦੇ ਟੋਲ ਪਲਾਜ਼ਾ ’ਤੇ ਨਿਭਾਈ। ਜਥੇਬੰਦੀ ਦੇ ਸੈਂਕੜੇ ਵਰਕਰਾਂ ਨੇ ਪਲਾਜ਼ੇ ’ਤੇ ਧਰਨਾ ਦੇ ਕੇ ਦੋਵਾਂ ਪਾਸਿਆਂ ਤੋਂ ਸੜਕੀ ਆਵਾਜਾਈ ਠੱਪ ਕਰ ਦਿੱਤੀ। ਇੱਥੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਖੇਤੀ ਆਰਡੀਨੈਂਸਾਂ ਦੇ ਪੱਖ ਵਿੱਚ ਵੋਟ ਪਾਉਣ, ਨਹੀਂ ਤਾਂ ਵੋਟਿੰਗ ਸਮੇਂ ਸੈਸ਼ਨ ’ਚੋਂ ਗ਼ੈਰਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਦਾ ਪਿੰਡਾਂ ’ਚ ਵੜਨ ’ਤੇ ਘਿਰਾਓ ਕੀਤਾ ਜਾਵੇਗਾ। ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ, ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਜੀਦਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸੰਦੋਹਾ, ਸੁਖਦਰਸ਼ਨ ਖੇਮੂਆਣਾ, ਕਰਨੈਲ ਮਾਨ, ਰੇਸ਼ਮ ਜੀਦਾ ਆਦਿ ਨੇ ਸੰਬੋਧਨ ਕੀਤਾ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ):

ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਵਿਰੁੱਧ ਗਰਦਾਨਦਿਆਂ ਕਿਸਾਨ ਯੂਨੀਅਨਾਂ, ਆੜ੍ਹਤੀਆਂ, ਆਮ ਆਦਮੀ ਪਾਰਟੀ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਮੁਕਤਸਰ-ਕੋਟਕਪੂਰਾ ਰੋਡ ‘ਤੇ ਪਿੰਡ ਉਦੇਕਰਨ ਦੇ ਕੋਲ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੀਕੇਯੂ ਕਾਦੀਆਂ ਤੋਂ ਜਗਦੇਵ ਸਿੰਘ ਕਾਨਿਆਂਵਾਲੀ, ਦਵਿੰਦਰ ਭੰਗੇਵਾਲਾ, ਗੁਰਤੇਜ਼ ਉਦੇਕਰਨ, ਅਜੈ ਪ੍ਰੀਤ ਬੁੱਟਰ, ਨਿਰਮਲ ਸਿੰਘ, ਜੀਤ ਸਿੰਘ, ਬੀਕੇਯੂ ਸਿੱਧੂਪੁਰ ਤੋਂ ਸੁਖਦੇਵ ਸਿੰਘ ਬੂੜਾ ਗੁੱਜ਼ਰ, ਜਰਨੈਲ ਸਿੰਘ ਸਿੱਧੂਪੁਰ, ਬਲਾਕ ਪ੍ਰਧਾਨ ਪਾਲਾ ਸਿੰਘ, ਕਾਲਾ ਸਿੰਘ, ਕਰਨ ਸਿੰਘ ਭੁੱਟੀਵਾਲਾ, ਰਾਜੇਆਣਾ ਯੂਨੀਅਨ ਦੇ ਅਮਰਜੀਤ ਸਿੰਘ, ਆਮ ਆਦਮੀ ਪਾਰਟੀ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਸੰਧੂ, ਕਾਕਾ ਬਰਾੜ, ਆੜ੍ਹਤੀਆਂ ਐਸੋਸੀਏਸ਼ਨ ਤੋਂ ਤੇਜਿੰਦਰ ਕੁਮਾਰ ਬੱਬੂ ਬਾਂਸਲ, ਪਿੱਪਲ ਸਿੰਘ, ਅਕਾਲੀ ਦਲ ਢੀਂਢਸਾ ਦੇ ਹਰਮਿੰਦਰ ਸਿੰਘ ਬੇਦੀ, ਅਕਾਲੀ ਦਲ ਮਾਨ ਦਲ ਤੋਂ ਇਕਬਾਲ ਸਿੰਘ ਬਰੀਵਾਲਾ ਆਦਿ ਨੇ ਸੰਬੋਧਨ ਕੀਤਾ।

ਕਿਸਾਨਾਂ ਨੇ ਪਟਿਆਲਾ ਮੋਰਚੇ ਲਈ ਚਾਲੇ ਪਾਏ

ਟੱਲੇਵਾਲ (ਲਖਵੀਰ ਸਿੰਘ ਚੀਮਾ):

ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਦੇ ਵਿਰੋਧ ’ਚ ਅੱਜ ਬੀਕੇਯੂ ਏਕਤਾ ਉਗਰਾਹਾਂ ਵਲੋਂ ਪਟਿਆਲਾ ਵਿਚ 5 ਰੋਜ਼ਾ ਪੱਕਾ ਮੋਰਚਾ ਲਗਾਇਆ ਗਿਆ ਹੈ। ਇਸ ਨੂੰ ਲੈ ਕੇ ਟੱਲੇਵਾਲ ਖ਼ੇਤਰ ਦੇ ਪਿੰਡਾਂ ਵਿੱਚੋਂ ਜਥੇਬੰਦੀ ਦੇ ਵਰਕਰ ਟਰੈਕਟਰ ਟਰਾਲੀਆਂ ’ਤੇ ਪਟਿਆਲਾ ਲਈ ਰਵਾਨਾ ਹੋਏ। ਪਿੰਡ ਟੱਲੇਵਾਲ ਤੋਂ ਇਕਾਈ ਪ੍ਰਧਾਨ ਜਰਨੈਲ ਸਿੰਘ ਧਾਲੀਵਾਲ ਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਅਤੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਵਿੱਚ ਪਿੰਡ ਚੀਮਾ, ਜਗਜੀਤਪੁਰਾ, ਉਗੋਕੇ, ਭੋਤਨਾ ਅਤੇ ਪੱਤੀ ਸੇਖਵਾਂ ਤੋਂ ਕਿਸਾਨ ਰਾਸ਼ਨ ਦੀਆਂ ਦੋ-ਦੋ ਟਰਾਲੀਆਂ ਭਰ ਕੇ ਪਟਿਆਲਾ ਲਈ ਰਵਾਨਾ ਹੋਏ। ਬਲਾਕ ਪ੍ਰਧਾਨ ਜੱਜ ਸਿੰਘ ਦੀ ਅਗਵਾਈ ਵਿੱਚ ਗਹਿਲ ਅਤੇ ਦੀਵਾਨਾ ਦੋ ਟਰਾਲੀਆਂ ’ਚ ਲੰਗਰ ਦਾ ਸਮਾਨ ਭਰ ਕੇ ਕਿਸਾਨ ਪਟਿਆਲਾ ਮੋਰਚੇ ’ਚ ਸ਼ਾਮਲ ਹੋਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune