ਖੇਤੀ ਆਰਡੀਨੈਂਸ ਬਾਰੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਨੇ ਕੈਪਟਨ

September 08 2020

ਕੇਂਦਰੀ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਭਰਮ-ਭੁਲੇਖਿਆਂ ’ਚ ਪਾ ਕੇ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਕੇਂਦਰੀ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ’ਤੇ ਖੇਤੀ ਆਰਡੀਨੈਂਸ ਸਬੰਧੀ ਹੇਠਲੇ ਦਰਜੇ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਆਪਣੇ ਚੋਣ ਮੈਨੀਫ਼ੈਸਟੋ ਵਾਲਾ ਆਰਡੀਨੈਂਸ ਅਗਸਤ 2017 ’ਚ ਲਾਗੂ ਕਰ ਚੁੱਕੇ ਹਨ। ਉਹੀ ਗੱਲਾਂ ਜਦੋਂ ਕੇਂਦਰ ਸਰਕਾਰ ਨੇ ਲਾਗੂ ਕੀਤੀਆਂ ਤਾਂ ਤਿੰਨ ਘੰਟੇ ਦਾ ਵਿਧਾਨ ਸਭਾ ਸੈਸ਼ਨ ਬੁਲਾ ਕੇ ਕੇਂਦਰੀ ਫ਼ੈਸਲੇ ਖ਼ਿਲਾਫ਼ ਲੋਕਾਂ ਨੂੰ ਭਰਮਾਉਣ ਲੱਗ ਪਏ।

ਉਨ੍ਹਾਂ ਆਖਿਆ ਨਸ਼ਿਆਂ ਬਾਰੇ ਝੂਠੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਆਰਡੀਨੈਂਸ ਬਾਰੇ ਚਿੱਠੀ ਨੂੰ ਵੀ ਬੇਮੁੱਲੀ ਦੱਸਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਕੈਪਟਨ ਆਪਣੇ ਤੇ ਕੇਂਦਰ ਦੇ ਆਰਡੀਨੈਂਸ ’ਚ ਫ਼ਰਕ ਦੇ ਵੇਰਵੇ ਸਪੱਸ਼ਟ ਕਰਨ। ਇਸ ਦੇ ਨਾਲ ਹੀ ਬੀਜ ਘੁਟਾਲੇ, ਜ਼ਹਿਰਲੀ ਸ਼ਰਾਬ ਕਾਂਡ ਅਤੇ ਵਜ਼ੀਫ਼ਾ ਘੁਟਾਲੇ ’ਤੇ ਪਰਦੇ ਪਾਉਣ ਲਈ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਸਿਆਸਤ ਖੇਡਣ ਤੋਂ ਬਾਜ਼ ਆਉਣ। ਉਨ੍ਹਾਂ ਬਰਗਾੜੀ ਮੁੱਦੇ ਬਾਰੇ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲੇ ਤਿੰਨ ਸਾਲ ਲੋਕਾਂ ਦੀਆਂ ਭਾਵਨਾਵਾਂ ਭੜਕਾਉਂਦੇ ਹੋਏ ਲੰਘਾ ਦਿੱਤੇ। ਹੁਣ ਜਦੋਂ ਉਹ ਦੋਸ਼ੀਆਂ ਨੂੰ ਫੜ ਨਹੀਂ ਸਕੇ ਤਾਂ ਕਿਸਾਨਾਂ ਨੂੰ ਗੁਮਰਾਹ ਕਰਨ ਲੱਗ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune