ਖੇਤੀ ਆਰਡੀਨੈਂਸ ਤੇ ਬਿਜਲੀ ਐਕਟ-2020 ਨੂੰ ਰੱਦ ਕਰਾਉਣ ਲਈ ਧਰਨਾ

September 02 2020

ਅੱਜ ਇੱਥੇ ਪੰਜਾਬ ਕਿਸਾਨ ਸਭਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ ’ਤੇ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਆਰਡੀਨੈਂਸ ਵਾਪਸ ਕਰਾਉਣ, ਬਿਜਲੀ ਐਕਟ-2020 ਨੂੰ ਰੱਦ ਕਰਾਉਣ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਪ੍ਰਦੁੱਮਣ ਸਿੰਘ ਬਾਗੜੀਆਂ, ਕਿਸਾਨ ਆਗੂ ਗੁਰਪ੍ਰੀਤ ਸਿੰਘ ਨਿਆਮਤਪੁਰ, ਪ੍ਰਧਾਨ ਸੁਰਿੰਦਰ ਕੁਮਾਰ ਭੈਣੀ ਕਲਾਂ ਦੀ ਪ੍ਰਧਾਨਗੀ ਹੇਠ ਐੱਸਡੀਐੱਮ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਭਰਪੂਰ ਸਿੰਘ ਬੂਲਾਪੁਰ, ਪਿਆਰਾ ਲਾਲ, ਰਣਜੀਤ ਸਿੰਘ ਬਿੰਜੋਕੀ ਕਲਾਂ, ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਸੀਪੀਆਈ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ’ਤੇ ਵੱਡਾ ਹਮਲਾ ਕੀਤਾ ਹੈ। ਇਨ੍ਹਾਂ ਆਰਡੀਨੈਂਸਾਂ ਨਾਲ ਜਿਥੇ ਖੇਤੀ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਉਥੇ ਖ਼ਪਤਕਾਰ ਵੀ ਪ੍ਰਭਾਵਿਤ ਹੋਵੇਗਾ, ਮਹਿੰਗਾਈ ਤੇ ਬੇਰੁਜ਼ਗਾਰੀ ਵਧੇਗੀ। ਬਿਜਲੀ ਐਕਟ-2020 ਰਾਹੀਂ ਕਿਸਾਨਾਂ ਤੇ ਹੋਰ ਤਬਕਿਆਂ ਨੂੰ ਮਿਲਦੀ ਬਿਜਲੀ ਸਬਸਿਡੀ ਬੰਦ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਗ਼ਰੀਬ ਜਨਤਾ ਨੂੰ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ ਰ ਕੇਂਦਰ ਸਰਕਾਰ ਨੇ ਕਰੋਨਾ ਦੀ ਆੜ ਹੇਠ ਕਿਸਾਨ ਵਿਰੋਧੀ ਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਲਿਆ ਕੇ ਵੱਡੇ ਸਮਰਾਮਏਦਾਰਾਂ ਨੂੰ ਲੁੱਟ ਕਰਨ ਦੇ ਰਾਹ ਖੋਲ੍ਹ ਦਿੱਤੇ ਹਨ। ਖੇਤੀ ਜਿਣਸਾਂ ਦੇ ਘੱਟੋ ਘੱਟ ਰੇਟ ਤੈਅ ਕਰਨ ਤੋਂ ਪਾਸਾ ਵੱਟ ਲਿਆ ਹੈ। ਸਰਮਾਏਦਾਰ ਘਰਾਣਿਆਂ ਨੂੰ ਮਨਮਰਜੀ ਦੇ ਰੇਟਾਂ ’ਤੇ ਜਿਣਸਾਂ ਖ਼ਰੀਦਣ ਤੇ ਸਟੋਰ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸ ਵਾਪਸ ਲਏ ਜਾਣ, ਬਿਜਲੀ ਐਕਟ 2020 ਰੱਦ ਕੀਤਾ ਜਾਵੇ, ਜਿਣਸਾਂ ਦੇ ਘੱਟੋ-ਘੱਟ ਰੇਟ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਅਨੁਸਾਰ 50 ਪ੍ਰਤੀਸ਼ਤ ਵਧਾ ਕੇ ਦਿੱਤੇ ਜਾਣ, ਪਹਿਲਾਂ ਵਾਂਗ ਜਿਣਸਾਂ ਦੀ ਸਰਕਾਰੀ ਖ਼ਰੀਦ ਜਾਰੀ ਰੱਖੀ ਜਾਵੇ, ਖੇਤ ਮਜ਼ਦੂਰਾਂ ਲਈ 5-5 ਮਰਲੇ ਦੇ ਪਲਾਟ ਦਿੱਤੇ ਜਾਣ ਜਾਣ ਆਦਿ।

ਇਸ ਮੌਕੇ ਗੁਰਧਿਆਨ ਸਿੰਘ, ਗੁਰਜੰਟ ਸਿੰਘ, ਗੁਲਜਾਰ ਖਾਂ ਨਾਰੋਮਾਜਰਾ, ਮੁਹੰਮਦ ਖਲੀਲ, ਅਕਬਰ ਖਾਂ ਨੱਥੂਮਾਜਰਾ, ਮੇਵਾ ਸਿੰਘ, ਚਮਕੌਰ ਸਿੰਘ ਮੁਹਾਲਾ, ਚਰਨ ਸਿੰਘ ਭੱਟੀਆਂ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune