ਖੇਤ ਮਜ਼ਦੂਰ ਯੂਨੀਅਨ ਵੱਲੋਂ ਬਠਿੰਡਾ ਧਰਨੇ ਲਈ ਲਾਮਬੰਦੀ

September 10 2020

ਪੰਜ ਮਜਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਮੁਆਫ਼ ਕਰਵਾਉਣ ਅਤੇ ਹੋਰ ਭਖਦਿਆਂ ਮਸਲਿਆਂ ਤੇ ਮੰਗਾਂ ਸਬੰਧੀ 11 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਲਾਮਬੰਦੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਲਾਕ ਭਗਤਾ ਭਾਈ ਦੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਵੱਲੋਂ ਪਿੰਡ ਕੋਠਾ ਗੁਰੂ ਵਿੱਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾਗੁਰੂ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਸ਼ਹਿ ’ਤੇ ਫਾਇਨਾਂਸ ਕੰਪਨੀਆਂ ਗਰੀਬ ਔਰਤਾਂ ਦੀ ਅੰਨ੍ਹੇ ਵਿਆਜ ਰਾਹੀਂ ਲੁੱਟ ਕਰ ਰਹੀਆਂ ਹਨ ਅਤੇ ਔਰਤਾਂ ਨੂੰ ਧਮਕੀਆਂ ਦੇ ਕੇ ਕਿਸ਼ਤਾਂ ਭਰਨ ਲਈ ਡਰਾਇਆ-ਧਮਕਾਇਆ ਜਾ ਰਿਹਾ ਹੈ। ਮਜ਼ਦੂਰ ਆਗੂ ਬਲਵਿੰਦਰ ਸਿੰਘ ਮਾਲੀ, ਯਾਦਵਿੰਦਰ ਸਿੰਘ ਰਾਣਾ ਅਤੇ ਮਨਜੀਤ ਕੌਰ ਨੂੰ ਮਜਦੂਰਾਂ ਨੂੰ 11 ਸਤੰਬਰ ਦੇ ਬਠਿੰਡਾ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਲਹਿਰਾ ਮੁਹੱਬਤ ਵਿੱਚ ਸੂਬਾਈ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਵਿੱਚ ਮਜ਼ਦੂਰਾਂ ਦੇ ਕਰਜ਼ੇ ਅਤੇ ਬਿਜਲੀ ਬਿੱਲ ਮੁਆਫ਼ ਕਰਵਾਉਣ ਲਈ 11 ਸਤੰਬਰ ਨੂੰ ਬਠਿੰਡਾ ਵਿੱਚ ਧਰਨਾ ਦੇਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਜੋਰਾ ਸਿੰਘ ਨਸਰਾਲੀ, ਸੈਂਬਰ ਸਿੰਘ ਨੈਬ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਸੁਨੀਤਾ ਰਾਣੀ, ਛਿੰਦਰ ਕੌਰ, ਕੋਮਲ ਕੌਰ ਅਤੇ ਗਿੰਦਰ ਕੌਰ ਨੇ ਸੰਬੋਧਨ ਕੀਤਾ।

ਬਾਦਲ ਮੋਰਚੇ ਲਈ ਸਰਗਰਮੀਆਂ ਤੇਜ਼; ‘ਸੁਲਘਦੀ ਧਰਤੀ’ ਨਾਟਕ ਖੇਡਿਆ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੌੜ ਵੱਲੋਂ ਪਿੰਡ ਰਾਮਨਗਰ, ਰਾਮਗੜ ਭੂੰਦੜ, ਮਾਣਕ ਖਾਨਾ, ਰਾਏ ਖਾਨਾ, ਧਨ ਸਿੰਘ ਖਾਨਾ ਅਤੇ ਸੰਦੋਹਾ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ, ਰਾਜਵਿੰਦਰ ਸਿੰਘ ਰਾਜੂ, ਭੋਲਾ ਸਿੰਘ ਮਾੜੀ, ਗੁਰਮੇਲ ਸਿੰਘ ਬਬਲੀ, ਭੋਲਾ ਸਿੰਘ ਰਾਏ ਖਾਨਾ ਅਤੇ ਗਰਦੀਪ ਸਿੰਘ ਮਾਈਸਰ ਖਾਨਾ ਨੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 15 ਸਤੰਬਰ ਤੋਂ ਬਾਦਲ ਵਿਖੇ ਲਾਏ ਜਾ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ। ਇਸ ਸਮੇਂ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਤੀਰਥ ਸਿੰਘ ਦੀ ਅਗਵਾਈ ਹੇਠ ‘ਸੁਲਘਦੀ ਧਰਤੀ’ ਨਾਟਕ ਖੇਡਿਆ ਗਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: .Punjabi Tribune