ਕੰਮ ਖੇਤਾਂ ’ਚ ਤੇ ਮਨ ਦਿੱਲੀ ਮੋਰਚੇ ’ਚ

December 10 2020

ਦਿੱਲੀ ਕਿਸਾਨ ਮੋਰਚੇ ’ਚ ਆਪਣੇ ਕੰਮ-ਕਾਜ ਛੱਡ ਕੇ ਕਿਸਾਨ-ਮਜ਼ਦੂਰ ਨੈਸ਼ਨਲ ਹਾਈਵੇਅ ’ਤੇ ਡੇਰੇ ਲਾਈ ਬੈਠੇ ਹਨ। ਪੰਜਾਬ ਵਿੱਚ ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਣੀ ਲਾ ਰਹੇ ਹਨ ਪਰ ਮਨ ਉਨ੍ਹਾਂ ਦਾ ਦਿੱਲੀ ਮੋਰਚੇ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਲੱਗਾ ਹੁੰਦਾ ਹੈ। ਕਣਕ ਨੂੰ ਪਹਿਲਾ ਪਾਣੀ ਲਾ ਰਹੇ ਕਿਸਾਨ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਪਲ-ਪਲ ਦੀਆਂ ਖਬਰਾਂ ਸੋਸ਼ਲ ਮੀਡੀਆ ’ਤੇ ਦੇਖ ਰਹੇ ਹਨ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੋਖੇ ਦਾ ਕਿਸਾਨ ਜਰਨੈਲ ਸਿੰਘ, ਜੋ ਕਣਕ ਨੂੰ ਯੂਰੀਆ ਪਾ ਕੇ ਹਟਿਆ ਸੀ ਤੇ ਨਾਲ ਹੀ ਉਸ ਨੇ ਕਿਆਰਿਆਂ ਨੂੰ ਪਾਣੀ ਮੋੜਿਆ ਹੋਇਆ ਸੀ, ਉਹ ਕਦੇ ਜੇਬ ਵਿੱਚੋਂ ਮੋਬਾਈਲ ਕੱਢ ਕੇ ਸੋਸ਼ਲ ਮੀਡੀਆ ’ਤੇ ਦਿੱਲੀ ਵਿੱਚ ਕਿਸਾਨ ਆਗੂਆਂ ਤੇ ਕਲਾਕਾਰਾਂ ਦੀਆਂ ਤਕਰੀਰਾਂ ਸੁਣਦਾ ਤੇ ਨਾਲ ਹੀ ਪਾਣੀ ਨਾਲ ਟੁੱਟ ਰਹੀ ਵੱਟ ਨੂੰ ਵੀ ਬੰਨ੍ਹਣ ਲੱਗ ਜਾਂਦਾ। ਉਸ ਨੇ ਦੱਸਿਆ ਕਿ ਉਹ ਆਪ ਵੀ ਦਿੱਲੀ ਦਾ ਗੇੜਾ ਕੱਢ ਆਇਆ ਸੀ ਪਰ ਪਿੱਛੇ ਕਣਕ ਨੂੰ ਪਾਣੀ ਲਾਉਣ ਕਰਕੇ ਉਸ ਨੂੰ ਮੁੜਨਾ ਪਿਆ।

ਪਿੰਡ ਤਲਵੰਡੀ ਮਾਧੋ ਦੇ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਖੇਤ ਕਣਕ ਦੇ ਬੀਜੇ ਹੋਏ ਹਨ। ਪਾਣੀ ਲਾਉਣ ਦਾ ਸਮਾਂ ਹੋਣ ਕਰਕੇ ਉਹ ਦੋ-ਚਾਰ ਦਿਨ ਰੁਕ ਕੇ ਦਿੱਲੀ ਜਾਣਗੇ। ਆਪਣੀ ਜੇਬ ’ਚੋਂ ਮੋਬਾਈਲ ਕੱਢਦਿਆਂ ਉਸ ਨੇ ਦੱਸਿਆ ਕਿ ਉਹ ਹੁਣ ਸੋਸ਼ਲ ਮੀਡੀਆ ’ਤੇ ਦਿੱਲੀ ਕਿਸਾਨ ਅੰਦੋਲਨ ਤੋਂ ਇਲਾਵਾ ਹੋਰ ਕੁਝ ਨਹੀਂ ਦੇਖਦੇ। ਪਿੰਡ ਦੇ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਦੋ ਜਥੇ ਦਿੱਲੀ ਪਹਿਲਾਂ ਜਾ ਚੁੱਕੇ ਹਨ ਤੇ ਤੀਜੇ ਦੀ ਤਿਆਰੀ ਕੀਤੀ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune