ਕੰਢੀ ਖੇਤਰ ਵਿੱਚ ਮੱਕੀ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ

August 25 2021

ਪੰਜਾਬ ਦੇ ਕੰਢੀ ਇਲਾਕੇ ’ਚ ਮੱਕੀ ਦੀ ਫ਼ਸਲ ’ਤੇ ਸੁੰਡੀ ਨੇ ਹੱਲਾ ਬੋਲ ਦਿੱਤਾ ਹੈ, ਜਿਸ ਤੋਂ ਪ੍ਰੇਸ਼ਾਨ ਕਿਸਾਨ ਧੜਾਧੜ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਬਹੁਤੇ ਕਿਸਾਨ ਤਾਂ ਢੁੱਕਵਾਂ ਭਾਅ ਨਾ ਮਿਲਣ ਕਰਕੇ ਪਹਿਲਾਂ ਹੀ ਮੱਕੀ ਦੀ ਕਾਸ਼ਤ ਤੋਂ ਕਿਨਾਰਾ ਕਰ ਚੁੱਕੇ ਹਨ, ਜਿਨ੍ਹਾਂ ਨੇ ਮਹਿੰਗੇ ਭਾਅ ਦੇ ਬੀਜ ਲੈ ਕੇ ਐਤਕੀਂ ਮੱਕੀ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਨੂੰ ਆਰਮੀਬੋਰਮ ਨਾਂ ਦੀ ਸੁੰਡੀ ਨੇ ਝੰਬ ਦਿੱਤਾ ਹੈ, ਖ਼ਾਸ ਕਰਕੇ ਰੋਪੜ ਜ਼ਿਲ੍ਹੇ ’ਚ ਇਹ ਹੱਲਾ ਕਾਫ਼ੀ ਤੇਜ਼ ਹੈ।

ਰੋਪੜ ਦੇ ਪਿੰਡ ਭੱਟੋਂ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਦੀ ਮੱਕੀ ਦੀ ਫ਼ਸਲ ’ਤੇ ਸੁੰਡੀ ਨੇ ਇੰਨੀ ਮਾਰ ਕੀਤੀ ਹੈ ਕਿ ਉਨ੍ਹਾਂ ਨੂੰ ਮੱਕੀ ਦੀ ਮੁੜ ਬਿਜਾਂਦ ਕਰਨੀ ਪਈ ਹੈ। ਕਿਸਾਨ ਸਿਰੀ ਰਾਮ ਦੱਸਦਾ ਹੈ ਕਿ ਉਸ ਦੀ 1 ਏਕੜ ਮੱਕੀ ਦੀ ਫ਼ਸਲ ਨੂੰ ਸੁੰਡੀ ਖਾ ਗਈ ਹੈ ਤੇ ਉਸ ਨੇ ਸੁੰਡੀ ਨੂੰ ਅਸਰਹੀਣ ਕਰਨ ਵਾਸਤੇ ਪੰਜ-ਪੰਜ ਛਿੜਕਾਅ ਵੀ ਕੀਤੇ, ਪਰ ਕੋਈ ਅਸਰ ਨਹੀਂ ਹੋਇਆ। ਹੁਸ਼ਿਆਰਪੁਰ ਇਲਾਕੇ ਤੋਂ ਵੀ ਇਹੀ ਜਾਣਕਾਰੀ ਮਿਲੀ ਹਨ। ਕਿਸਾਨ ਦੱਸਦੇ ਹਨ ਕਿ ਇਹ ਸੁੰਡੀ ਮੱਕੀ ਦਾ ਪੱਤਾ ਖ਼ਤਮ ਕਰਦੀ ਹੈ ਤੇ ਫ਼ਲ ਪੈਣ ’ਤੇ ਛੱਲੀ ਨੂੰ ਨਿਸ਼ਾਨਾ ਬਣਾਉਂਦੀ ਹੈ। ਕਿਸਾਨ ਹਰਬੰਸ ਸਿੰਘ ਆਖਦਾ ਹੈ ਕਿ ਮੱਕੀ ਕਾਸ਼ਤਕਾਰਾਂ ਦੇ ਲਾਗਤ ਖ਼ਰਚੇ ਵਧ ਗਏ ਹਨ, ਜਦਕਿ ਭਾਅ ਦੀ ਕੋਈ ਗਾਰੰਟੀ ਨਹੀਂ ਹੈ। ਪਿੰਡ ਅਸਾਲਤਪੁਰ ਦੇ ਕਿਸਾਨ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੱਕੀ ਕਾਸ਼ਤਕਾਰਾਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨ ਸੁੰਡੀ ਦੇ ਹਮਲੇ ਮਗਰੋਂ ਮੁੜ ਬਿਜਾਈ ਕਰ ਰਹੇ ਹਨ, ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵੀ ਪ੍ਰਭਾਵਿਤ ਹੋਵੇਗੀ। ਕਿਰਤੀ ਕਿਸਾਨ ਮੋਰਚੇ ਦੇ ਆਗੂ ਵੀਰ ਸਿੰਘ ਬੜਵਾ ਨੇ ਦੱਸਿਆ ਕਿ ਇਸ ਖ਼ਿੱਤੇ ਦੇ ਲੋਕ ਮਹਿੰਗੇ ਭਾਅ ਦੇ ਬੀਜ ਲੈ ਕੇ ਹਰ ਵਰ੍ਹੇ ਮੱਕੀ ਦੀ ਕਾਸ਼ਤ ਕਰਦੇ ਹਨ, ਪਰ ਸਰਕਾਰੀ ਭਾਅ ’ਤੇ ਮੱਕੀ ਦੀ ਫ਼ਸਲ ਵਿਕਦੀ ਨਹੀਂ, ਜਿਸ ਕਰਕੇ ਕਿਸਾਨਾਂ ਨੂੰ ਮੰਡੀ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸੱਤ-ਸੱਤ ਛਿੜਕਾਅ ਕਰਨ ਮਗਰੋਂ ਵੀ ਸੁੰਡੀ ਨਹੀਂ ਮਰ ਰਹੀ। ਇੰਨੇ ਛਿੜਕਾਅ ਹੋਣ ਮਗਰੋਂ ਹਰੇ ਚਾਰੇ ਦੇ ਰੂਪ ਵਿੱਚ ਇਸ ਦੀ ਮਾਰ ਪਸ਼ੂਆਂ ’ਤੇ ਵੀ ਪੈਣ ਦਾ ਖ਼ਤਰਾ ਵਧ ਗਿਆ ਹੈ। ਇਸ ਦੌਰਾਨ ਕਿਰਤੀ ਕਿਸਾਨ ਮੋਰਚੇ ਵੱਲੋਂ ਰੋਪੜ ਦੇ ਡੀਸੀ ਦਫ਼ਤਰ ਅੱਗੇ 25 ਅਗਸਤ ਨੂੰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਿਸਾਨ ਆਗੂ ਚਰਨਜੀਤ ਸਿੰਘ ਕੰਗ, ਹਰਪ੍ਰੀਤ ਸਿੰਘ ਬਜਰੂੜ ਤੇ ਦਵਿੰੰਦਰ ਸਰਥਲੀ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਉਨ੍ਹਾਂ ਕਿਸਾਨਾਂ ਦੇ ਖ਼ਰਾਬੇ ਦੇ ਫਾਰਮ ਭਰਵਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਖ਼ਰਾਬੇ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਫ਼ਸਲਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune