ਕੜਾਕੇ ਦੀ ਠੰਢ ’ਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ

December 18 2020

ਦੇਸ਼ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਲੱਖਾਂ ਕਿਸਾਨਾਂ ਨੇ ਜਿੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਘੇਰੀ ਹੋਈ ਹੈ ਉਥੇ ਦੋ ਮਹੀਨਿਆਂ ਤੋਂ ਵੀ ਵੱਧ ਕਿਸਾਨਾਂ ਨੇ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਅੱਜ ਇੱਥੇ ਪੰਪ ਉਤੇ ਦਿੱਲੀ ਦੇ ਸੰਘਰਸ਼ ਤੋਂ ਵਾਪਸ ਪਰਤੇ ਆਲ ਇੰਡੀਆ ਕੁੱਲ ਹਿੰਦ ਕਿਸਾਨ ਸਭਾ ਦੇ ਕਿਸਾਨ ਆਗੂ ਐਡਵੋਕੇਟ ਸਵਰਨ ਸਿੰਘ ਦਲਿਓ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਹੌਂਸਲੇ ਬੇਮਿਸਾਲ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਅਜਿਹੇ ਹਾਲਾਤ ਤੋਂ ਲੱਗ ਰਿਹਾ ਹੈ ਕਿ ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਸਾਰੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਹੀ ਪਵੇਗਾ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਰਾਕੇਸ਼ ਜੈਨ ਦੀ ਕੋਠੀ ਅਤੇ ਬੀ.ਜੇ.ਪੀ ਬਲਾਕ ਆਗੂ ਪੰਡਤ ਸੁਖਦਰਸ਼ਨ ਸ਼ਰਮਾ ਦਾ ਘਰ ਕਿਸਾਨ ਜੱਥੇਬੰਦੀ ਏਕਤਾ ਉਗਰਾਹਾਂ ਦੇ ਕਾਰਕੁਨਾਂ ਵੱਲੋਂ ਘੇਰਿਆ ਹੋਇਆ ਹੈ ਜਿੱਥੇ ਮੋਦੀ ਅਤੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਹੈ। ਪੰਪ ਉੱਤੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਹਰਮੀਤ ਬੋੜਾਵਾਲ, ਨਛੱਤਰ ਅਹਿਮਦਪੁਰ, ਹਰਿੰਦਰ ਸੋਢੀ, ਗੁਰਦਾਸ ਗੁਰਨੇ, ਪਿਆਰਾ ਅਹਿਮਦਪੁਰ, ਦਰਸ਼ਨ ਰੱਲੀ, ਗੁਰਨੈਬ ਸਿੰਘ ਸ਼ਾਮਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune