ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਗੰਭੀਰ ਸਮੱਸਿਆ ਬਣੀ

March 14 2022

ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਹੋਣ ਤੇ ਸਿੰਚਾਈ ਸਹੂਲਤਾਂ ’ਚ ਵਾਧੇ ਕਾਰਨ ਇਸ ਹੇਠ ਰਕਬੇ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਸਰਕਾਰੀ ਤੇ ਗ਼ੈਰ ਸਰਕਾਰੀ ਅਦਾਰਿਆਂ ਵਲੋਂ ਕੀਤੇ ਗਏ ਪ੍ਰਚਾਰ ਨਾਲ ਵੀ ਝੋਨੇ ਹੇਠ ਰਕਬੇ ਵਿਚ ਕਮੀ ਨਹੀਂ ਆਈ। ਪਿਛਲੇ ਸਾਲ ਝੋਨੇ ਹੇਠ ਕਰੀਬ 30 ਲੱਖ ਹੈਕਟਰ ਤੋਂ ਵਧੇਰੇ ਰਕਬਾ ਸੀ।

ਝੋਨਾ ਅਜਿਹੀ ਫ਼ਸਲ ਹੈ ਜਿਸ ਉਪਰ ਕੀੜੇ ਤੇ ਬੀਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਬਹੁਤੀ ਮਿਹਨਤ ਦੀ ਵੀ ਲੋੜ ਨਹੀਂ ਪੈਂਦੀ ਤੇ ਸਾਰੀਆਂ ਅਨਾਜ ਫ਼ਸਲਾਂ ਦੇ ਮੁਕਾਬਲੇ ਇਸ ਦੀ ਸੱਭ ਤੋਂ ਵੱਧ ਪੈਦਾਵਾਰ ਹੁੰਦੀ ਹੈ। ਇਸ ਦਾ ਔਸਤ ਝਾੜ ਭਾਵੇਂ 30 ਕੁਇੰਟਲ ਪ੍ਰਤੀ ਏਕੜ ਹੈ ਪਰ ਕਈ ਕਿਸਾਨਾਂ ਨੇ 40 ਕੁਇੰਟਲ ਝਾੜ ਪ੍ਰਤੀ ਏਕੜ ਵੀ ਪ੍ਰਾਪਤ ਕੀਤਾ ਹੈ।

ਪੰਜਾਬ ਵਿਚ ਖੇਤੀ ਦਾ ਪੂਰੀ ਤਰ੍ਹਾਂ ਮਸ਼ੀਨੀਕਰਨ ਹੋ ਚੁੱਕਾ ਹੈ ਪਰ ਪਿਛਲੇ ਕੁੱਝ ਸਾਲਾਂ ਤਕ ਫ਼ਸਲਾਂ ਦੀ ਵਾਢੀ ਹੱਥੀਂ ਕੀਤੀ ਜਾਂਦੀ ਸੀ। ਜਦ ਤੋਂ ਵਾਢੀ ਲਈ ਕੰਬਾਈਨਾਂ ਦੀ ਵਰਤੋਂ ਸ਼ੁਰੂ ਹੋਈ ਹੈ, ਨਾੜ ਅਤੇ ਪਰਾਲੀ ਦੀ ਸਾਂਭ-ਸੰਭਾਲ ਇਕ ਵੱਡੀ ਸਮੱਸਿਆ ਬਣ ਗਈ ਹੈ। ਕਣਕ ਦੀ ਕਟਾਈ ਤੋਂ ਬਾਅਦ ਨਾੜ ਦੀ ਤਾਂ ਤੂੜੀ ਬਣਾਈ ਜਾ ਸਕਦੀ ਹੈ ਪਰ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਜਮ੍ਹਾਂ ਹੋਣ ਵਾਲੀ ਪਰਾਲੀ ਕਿਸਾਨਾਂ ਦੇ ਖ਼ਾਸ ਕੰਮ ਨਹੀਂ ਆਉਂਦੀ। ਖੇਤੀ ਦਾ ਮਸ਼ੀਨੀਕਰਨ ਹੋਣ ਨਾਲ ਪਿੰਡਾਂ ਵਿਚ ਡੰਗਰਾਂ ਦੀ ਗਿਣਤੀ ਚੋਖੀ ਘੱਟ ਗਈ ਹੈ।

ਇਸ ਕਰ ਕੇ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਦੇ ਰੂਪ ਵਿਚ ਵੀ ਨਹੀਂ ਕੀਤੀ ਜਾ ਸਕਦੀ। ਪਰਾਲੀ ਦੀ ਸਾਂਭ-ਸੰਭਾਲ ਦਾ ਕੋਈ ਹੱਲ ਨਜ਼ਰ ਨਾ ਆਉਂਦਾ ਵੇਖ ਕੇ ਕਿਸਾਨਾਂ ਨੇ ਇਸ ਵੱਡੀ ਸਮੱਸਿਆ ਦਾ ਸੌਖਾ ਹੱਲ ਇਸ ਨੂੰ ਖੇਤ ਵਿਚ ਅੱਗ ਲਗਾਉਣ ਦੇ ਰੂਪ ਵਿਚ ਕੱਢ ਲਿਆ। ਅਕਤੂਬਰ ਦਾ ਸਾਰਾ ਮਹੀਨਾ ਪੰਜਾਬ ਦੇ ਖੇਤਾਂ ਵਿਚ ਅੱਗ ਦੀਆਂ ਲਪਟਾਂ ਉਠਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ। ਉਹ ਧਰਤੀ, ਜਿਹੜੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ, ਉਸ ਵਿਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਦੁੱਖ ਹੁੰਦਾ ਹੈ। ਕਿਸਾਨ ਨੂੰ ਪਤਾ ਹੈ ਪਰਾਲੀ ਨੂੰ ਸਾੜਨਾ ਜਿਥੇ ਕਾਨੂੰਨੀ ਜੁਰਮ ਹੈ

ਉਥੇ ਸਮਾਜ ਪ੍ਰਤੀ ਗ਼ੈਰ ਜ਼ਿੰਮੇਵਾਰੀ ਵਾਲਾ ਰਵਈਆ ਹੈ। ਇਸ ਨਾਲ ਚੋਖਾ ਨੁਕਸਾਨ ਹੁੰਦਾ ਹੈ। ਜਦੋਂ ਅੱਗ ਬਲਦੀ ਹੈ ਤਾਂ ਵਾਤਾਵਰਣ ਦੇ ਤਾਪਮਾਨ ਵਿਚ ਵਾਧਾ ਹੁੰਦਾ ਹੈ। ਤਾਪਮਾਨ ’ਚ ਹੋ ਰਿਹਾ ਵਾਧਾ ਸਾਰੇ ਸੰਸਾਰ ਲਈ ਵੱਡੀ ਸਮੱਸਿਆ ਤੇ ਚੁਨੌਤੀ ਬਣਿਆ ਹੋਇਆ ਹੈ। ਅੱਗ ਲਗਾਉਣ ਨਾਲ ਜਿਥੇ ਮਿੱਤਰ ਕੀੜੇ ਤੇ ਜੀਵ-ਜੰਤੂ ਸੜ ਜਾਂਦੇ ਹਨ ਉੱਥੇ ਧਰਤੀ ਵਿਚਲੇ ਪੋਸ਼ਕ ਖ਼ੁਰਾਕੀ ਤੱਤ ਵੀ ਖ਼ਤਮ ਹੋ ਜਾਂਦੇ ਹਨ। ਹਰ ਪਾਸੇ ਫੈਲੇ ਧੂੰਏਂ ਨਾਲ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਹਨ ਤੇ ਜ਼ਹਿਰੀਲੀਆਂ ਗੈਸਾਂ ਕਈ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਸਾਰੇ ਨੁਕਸਾਨਾਂ ਬਾਰੇ ਜਾਣਦਿਆਂ ਹੋਇਆਂ ਵੀ ਕਿਸਾਨ ਇਸ ਵਰਤਾਰ ਨੂੰ ਜਾਰੀ ਰੱਖਣ ਲਈ ਹੁਣ ਤਕ ਮਜਬੂਰ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫ਼ਾਸਫ਼ੋਰਸ, 25 ਕਿਲੋ ਪੋਟਾਸ਼ੀਅਮ ਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਜੇਕਰ ਪਰਾਲੀ ਨੂੰ ਖੇਤ ਵਿਚ ਹੀ ਵਾਹ ਦਿਤਾ ਜਾਵੇ ਤਾਂ ਇਹ ਸਾਰੇ ਤੱਤ ਧਰਤੀ ਵਿਚ ਰਲ ਕੇ ਜ਼ਮੀਨ ਦੀ ਸਿਹਤ ਵਿਚ ਸੁਧਾਰ ਲਿਆਉਂਦੇ ਹਨ ਪਰ ਵੇਖਣਾ ਇਹ ਹੈ ਕਿ ਕਿਸਾਨ ਇਹ ਜਾਣਕਾਰੀ ਹੁੰਦਿਆ ਹੋਇਆਂ ਵੀ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਲਈ ਮਜਬੂਰ ਕਿਉਂ ਹਨ? ਜਿਹੜੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਧਰਤੀ ਵਿਚ ਵਾਹ ਜਾਂ ਖਪਾ ਰਹੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ’ਚ ਵਾਧਾ ਹੋਇਆ ਹੈ

ਫਿਰ ਸਾਰੇ ਕਿਸਾਨ ਅਜਿਹਾ ਕਿਉਂ ਨਹੀਂ ਕਰਦੇ? ਇਸ ਹਕੀਕਤ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅਸੀਂ ਜਾਣਦੇ ਹੋਏ ਵੀ ਅਨਜਾਣ ਬਣੇ ਹੋਏ ਹਾਂ ਤੇ ਫ਼ਸਲੀ ਰਹਿੰਦ-ਖੂੰਹਦ ਦਾ ਸਹੀ ਲਾਹਾ ਨਹੀਂ ਲੈ ਰਹੇ। ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਪਰਾਲੀ ਦੀ ਸਮੱਸਿਆ ਮੁੜ ਸਾਹਮਣੇ ਆ ਗਈ ਹੈ। ਇਸ ਦੇ ਹੱਲ ਲਈ ਜਿਥੇ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਉਥੇ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਨੂੰ ਵੀ ਕੁੱਝ ਅਮਲੀ ਕਦਮ ਚੁਕਣੇ ਚਾਹੀਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਸਿਖਿਅਤ ਕਰਨਾ ਤੇ ਕਾਨੂੰਨ ਦੀ ਸਹਾਇਤਾ ਲੈਣੀ ਵੀ ਜ਼ਰੂਰੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਪਰਾਲੀ ਦੀ ਸਾਂਭ-ਸੰਭਾਲ ਦੇ ਸਾਰਥਕ, ਸੌਖੇ ਤੇ ਸਸਤੇ ਹੱਲ ਲੱਭੇ ਜਾਣ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman