ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਸਲਾਹ, ਜਾਣੋ ਧੁੰਦ ਤੇ ਠੰਡ ਦਾ ਫ਼ਸਲਾਂ ਤੇ ਕੀ ਪਵੇਗਾ ਅਸਰ

January 03 2023

ਮੌਸਮ ਦਿਨ ਪ੍ਰਤੀ ਦਿਨ ਬਦਲ ਰਿਹਾ ਹੈ। ਕਣਕ ਦੀ ਫ਼ਸਲ ਲਈ ਇਸ ਮੌਸਮ ਨੂੰ ਖੇਤੀਬਾੜੀ ਵਿਭਾਗ ਨੇ ਰਾਮ ਬਾਣ ਮੰਨਿਆ ਹੈ ਕਿਉਂਕਿ ਪਾਣੀ ਦਾ ਕੰਮ ਕੋਹਰਾ ਕਰ ਰਿਹਾ ਹੈ ਅਤੇ ਫ਼ਸਲ ਨੂੰ ਪਾਲਣ ਵਿਚ ਵੀ ਸਹਿਯੋਗ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਫ਼ਸਲ ਨੂੰ ਨੁਕਸਾਨ ਦਾ ਵੀ ਡਰ ਹੈ। ਜਲੰਧਰ ਜ਼ਿਲ੍ਹੇ ਵਿਚ ਅਜੇ ਪੀਲੀ ਕੁੰਗੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ਪਰ 15 ਦਿਨ ਪਹਿਲਾਂ ਰੋਪੜ ਵਿਚ ਖੇਤੀਬਾੜੀ ਅਧਿਕਾਰੀਆਂ ਨੇ ਸਰਵੇ ਕਰਵਾਇਆ ਹੈ, ਜਿਸ ਵਿਚ ਸਾਹਮਣੇ ਆਇਆ ਕਿ ਪੀਲੀ ਕੁੰਗੀ ਫ਼ਸਲ ਨੂੰ ਖ਼ਰਾਬ ਕਰ ਰਹੀ ਹੈ। ਇਸ ਬੀਮਾਰੀ ਨਾਲ ਨਜਿੱਠਣ ਲਈ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕਾ ਹੈ ਕਿ ਸਮੇਂ-ਸਮੇਂ ’ਤੇ ਖ਼ੁਦ ਹੀ ਸਰਵੇ ਕਰਦੇ ਰਹੋ ਤਾਂ ਕਿ ਫ਼ਸਲ ਨੂੰ ਬਚਾਇਆ ਜਾ ਸਕੇ ਅਤੇ ਜੇਕਰ ਲੋੜ ਹੋਵੇ ਤਾਂ ਸਪਰੇਅ ਵੀ ਕੀਤੀ ਜਾਵੇ।
ਵਧੀਆ ਪੈਦਾਵਾਰ ਦੀ ਉਮੀਦ
ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ 10 ਬਲਾਕਾਂ ਵਿਚ ਇਸ ਵਾਰ ਕਣਕ ਦੀ ਫ਼ਸਲ ਦਾ ਰਕਬਾ 1.73 ਲੱਖ ਹੈਕਟੇਅਰ ਹੈ, ਜਿਸ ਵਿਚ ਫ਼ਸਲ ਦੀ ਬਿਜਾਈ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਹੈ, ਉਸਨੂੰ ਵੇਖ ਕੇ ਲੱਗਦਾ ਹੈ ਕਿ ਕਣਕ ਦੀ ਪੈਦਾਵਾਰ ਕਾਫ਼ੀ ਵਧੀਆ ਹੋਵੇਗਾ ਅਤੇ ਝਾੜ ਵੀ ਠੀਕ ਰਹੇਗਾ। 2014 ਤੋਂ ਲੈ ਕੇ 2021 ਤੱਕ ਝਾੜ 45 ਤੋਂ 46 ਟਨ ਦੇ ਲਗਭਗ ਨਿਕਲਿਆ ਹੈ ਅਤੇ ਔਸਤਨ 10 ਲੱਖ ਮੀਟ੍ਰਿਕ ਟਨ ਦੇ ਲਗਭਗ ਪੈਦਾਵਾਰ ਹੋਈ ਹੈ । ਇਸ ਵਾਰ ਇਸ ਨਾਲੋਂ ਕੁਝ ਜ਼ਿਆਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫ਼ਸਲ ਵਧੀਆ ਅਤੇ ਸਮੇਂ ’ਤੇ ਹੋਵੇਗੀ ਤਾਂ ਕਿਸਾਨਾਂ ਨੂੰ ਵੀ ਲਾਭ ਹੋਵੇਗਾ।
ਫ਼ਸਲ ਨੂੰ ਪਾਣੀ ਘੱਟ ਹੀ ਲਾਉਣ ਕਿਸਾਨ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਮਾਹਿਰ ਨਰੇਸ਼ ਗੁਲਾਟੀ ਨੇ ਕਿਹਾ ਕਿ ਇਸ ਮੌਸਮ ਵਿਚ ਜਿੰਨਾ ਹੋ ਸਕੇ, ਫ਼ਸਲ ਨੂੰ ਘੱਟ ਪਾਣੀ ਲਾਇਆ ਜਾਵੇ। ਇਹ ਮੌਸਮ ਫ਼ਸਲ ਲਈ ਘਿਓ ਵਾਂਗ ਹੈ। ਇਸ ਮੌਸਮ ਵਿਚ ਫ਼ਸਲ ਬਹੁਤ ਵਧੀਆ ਤਿਆਰ ਹੁੰਦੀ ਹੈ ਪਰ ਇਸ ਦੇ ਨਾਲ ਹੀ ਹਦਾਇਤ ਵੀ ਕੀਤੀ ਕਿ ਕਿਸਾਨ ਆਪਣੀ ਫ਼ਸਲ ਨੂੰ ਸਮੇਂ-ਸਮੇਂ ’ਤੇ ਚੈੱਕ ਕਰਦੇ ਰਹਿਣ।