ਕਿਸਾਨਾਂ ਦੇ ਵਿਰੋਧ ਨੇ ਅਕਾਲੀਆਂ ਨੂੰ ਪਹੀਆਂ ਦੇ ਰਾਹ ਪਿੰਡਾਂ ਚ ਵੜ੍ਹਨ ਲਈ ਮਜਬੂਰ ਕੀਤਾ

August 31 2020

ਦੇਸ਼ ਅੰਦਰਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ ਖੇਤੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋ ਪੰਜ ਰੋਜਾਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਆਖਿਰੀ ਦਿਨ ਜਿਲ੍ਹੇਂ ਭਰ ਦੇ ਦਰਜਣਾਂ ਪਿੰਡਾਂ ਅੰਦਰ ਕਿਸਾਨ ਜੱਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ ਦੀ ਅਗਵਾਈ ਵਿਚ ਦਿਆਲਪੁਰਾ ਮਿਰਜਾ, ਤੁੰਗਵਾਲੀ, ਲਹਿਰਾ ਸੋਧਾ, ਲਹਿਰਾ ਧੂਰਕੋਟ, ਚੱਕ ਰਾਮ ਸਿੰਘ ਵਾਲਾ ਸਣੇ ਅਨੇਕਾਂ ਪਿੰਡ ਅੰਦਰ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਗਰਜਦੇ ਸੁਣਾਈ ਦਿੱਤੇ।

ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਲਿਆ ਕੇ ਮੋਦੀ ਸਰਕਾਰ ਨੇ ਅਪਣਾ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਾਲਾ ਮੋਹ ਜਗ ਜਾਹਿਰ ਕੀਤਾ ਹੈ, ਪਰ ਇਨ੍ਹਾਂ ਆਰਡੀਨੈਂਸ ਦੇ ਹੱਕ ਵਿਚ ਅਕਾਲੀ ਦਲ ਵੱਲੋ ਸਟੈਂਡ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਗਿਆ ਹੈ। ਇਸ ਦੋਰਾਨ ਪੂਰੇ ਜਿਲ੍ਹੇਂ ਦੇ ਪੰਜ ਵਿਧਾਨ ਸਭਾ ਹਲਕਿਆਂ ਅੰਦਰ ਕਿਤੇ ਵੀ ਅਕਾਲੀ ਭਾਜਪਾ ਦੇ ਨੁੰਮਾਇੰਦੇ ਪਿੰਡਾਂ ਅੰਦਰ ਦਸਤਕ ਦਿੰਦੇ ਸੁਣਾਈ-ਵਿਖਾਈ ਨਹੀ ਦਿੱਤੇ।

ਕਿਉਂਕਿ ਅਨੇਕਾਂ ਪਿੰਡਾਂ ਦੇ ਬਾਹਰ ਕਿਸਾਨ ਜੱਥੇਬੰਦੀਆਂ ਦੇ ਲਹਿਰਾ ਰਹੇ ਝੰਡੇ ਆਰਡੀਨੈਂਸ ਦੇ ਹੱਕ ਵਾਲੀਆਂ ਪਾਰਟੀਆਂ ਨੂੰ ਡਰਾਉਂਦੇ ਨਜ਼ਰ ਆ ਰਹੇ ਸਨ, ਬੇਸ਼ੱਕ ਇਸ ਖੇਤਰ ਵਿਚ ਭਾਜਪਾ ਦਾ ਪੇਂਡੂ ਵੋਟ ਬੈਂਕ ਨਹੀ ਹੈ ਪਰ ਸਭ ਕੁਝ ਦੀ ਗਾਜ ਅਕਾਲੀ ਦਲ ਤੇ ਡਿੱਗਦੀ ਨਜਰ ਆਈ। ਧਰਨੇਕਾਰੀਆਂ ਦਾ ਡਰ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਤੋ ਲੈ ਕੇ ਹੇਠਲੇ ਪੱਧਰ ਦੇ ਆਗੂਆਂ ਤੱਕ ਵਿਖਾਈ ਦਿੱਤਾ।

ਕਿਉਂਕਿ ਇਕ ਦਰਜਾ ਤਿੰਨ ਦੇ ਅਕਾਲੀ ਆਗੂ ਨੇ ਦੱਸਿਆਂ ਕਿ ਚਾਰ ਦਿਨ ਤੋ ਅਪਣੇ ਕੰਮ ਲਈ ਪਹੀ ਦੇ ਰਾਹ ਜਾਣਾ ਪੈ ਰਿਹਾ ਹੈ ਕਿਉਕਿ ਧਰਨੇ ਤੇ ਬੈਠੇ ਲੋਕ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਵੇਖ ਕੇ ਜ਼ਿਆਦਾ ਉੱਚੀ ਨਾਹਰੇਬਾਜ਼ੀ ਕਰਨ ਲੱਗ ਪੈਂਦੇ ਹਨ। ਧਰਨੇਕਾਰੀਆਂ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਇਹ ਧਰਨੇ 29 ਤਾਰੀਖ ਤੋ ਬਾਅਦ ਸਮਾਪਤ ਹੋ ਰਹੇ ਹਨ।

ਪਰ ਆਰਡੀਨੈਂਸ ਦੇ ਵਾਪਿਸ ਲਏ ਜਾਣ ਤੱਕ ਇਨ੍ਹਾਂ ਦੀ ਵਿਰੋਧਤਾ ਜਾਰੀ ਰਹੇਗੀ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਆਰਡੀਨੈਂਸ ਇਕਲੇ ਕਿਸਾਨ ਵਿਰੋਧੀ ਹੀ ਨਹੀ ਬਲਕਿ ਮਜਦੂਰ ਅਤੇ ਵਪਾਰੀ ਨੂੰ ਵੀ ਆਰਡੀਨੈਂਸ ਦੇ ਲਾਗੂ ਹੋਣ ਤੋ ਬਾਅਦ ਖਮਿਆਜਾ ਭੁਗਤਣਾ ਪਵੇਗਾ। ਇਸ ਮੋਕੇ ਵੱਡੀ ਗਿਣਤੀ ਵਿਚ ਕਿਸਾਨ ਜੱਥੇਬੰਦੀਆ ਦੇ ਆਗੂ, ਕਿਸਾਨ ਮਰਦ ਅਤੇ ਅੋਰਤਾਂ ਹਾਜਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman