ਕਿਸਾਨਾਂ ਦੇ ਕਾਫ਼ਲਿਆਂ ਵੱਲੋਂ ਦਿੱਲੀ ਵੱਲ ਚਾਲੇ

February 03 2021

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਹੇਠ ਕਿਸਾਨੀ ਧਰਨਾ ਅੱਜ 125ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਬਲਾਕ ਧੂਰੀ ਤੋਂ 40, ਜ਼ਿਲ੍ਹਾ ਸੰਗਰੂਰ ਤੋਂ 250 ਟਰੈਕਟਰ-ਟਰਾਲੀਆਂ ਦਾ ਜਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਵੱਲੋਂ ਬਿਨਾਂ ਕਸੂਰ ਤੋਂ ਗ੍ਰਿਫ਼ਤਾਰ ਕੀਤੇ ਸੈਂਕੜੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ 126ਵੇਂ ਦਿਨ ਵੀ ਜਾਰੀ ਰਿਹਾ। ਧਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਘੋਲ ਦੌਰਾਨ ਪੰਚਾਇਤਾਂ ਵੱਲੋਂ ਦਿੱਲੀ ਮੋਰਚੇ ਵਿੱਚ ਨਾ ਜਾ ਸਕਣ ਵਾਲੇ ਪਰਿਵਾਰਾਂ ਨੂੰ ਜੁਰਮਾਨੇ ਕਰਨ ਦੇ ਪਾਸ ਕੀਤੇ ਜਾ ਰਹੇ ਮਤੇ ਸਹੀ ਨਹੀਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਨ। ਇਸ ਮੌਕੇ ਬਹਾਲ ਸਿੰਘ ਢੀਂਡਸਾ, ਸੂਬਾ ਸਿੰਘ, ਬਹਾਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ।

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਕਿਸਾਨਾਂ ਦੀਆਂ ਦਿੱਲੀ ਵੱਲ ਵਹੀਰਾਂ ਜਾਰੀ ਹਨ। ਇਸ ਖੇਤਰ ਦੇ ਪਿੰਡ ਹਸਨਪੁਰ ਤੇ ਕਬੂਲਪੁਰ ਦੀਆਂ ਪੰਚਾਇਤਾਂ ਵੱਲੋਂ ਆਪੋ ਆਪਣੇ ਪਿੰਡਾਂ ਵਿੱਚ ਮਤੇ ਪਾਸ ਕਰ ਕੇ ਹਰ ਪਰਿਵਾਰ ਵਿੱਚੋਂ ਇੱਕ ਹਫ਼ਤੇ ਲਈ ਇੱਕ ਇੱਕ ਵਿਅਕਤੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਅੱਜ ਪਿੰਡ ਬਘੌਰਾ, ਰਾਜਗੜ੍ਹ ਤੋਂ ਅੱਧੀ ਦਰਜਨ ਟਰਾਲੀਆਂ ਵਿੱਚ ਸੈਂਕੜੇ ਕਿਸਾਨ ਸਵਾਰ ਹੋ ਕੇ ਦਿੱਲੀ ਵੱਲ ਕੂਚ ਕਰ ਗਏ।

ਪਿੰਡ ਨੱਥੂਮਾਜਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਸਿਕੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ, ਨਗਰ ਪੰਚਾਇਤ, ਵੈੱਲਫੇਅਰ ਕਲੱਬ ਅਤੇ ਨਗਰ ਵਾਸੀਆਂ ਨੇ ਕਿਸਾਨੀ ਅੰਦੋਲਨ ਵਿੱਚ ਜਾਣ ਲਈ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਹਨ। ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੇ ਕਿਸਾਨੀ ਅੰਦੋਲਨ ਦੀ ਜਿੱਤ ਲਈ ਸਾਰਿਆਂ ਨੂੰ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਜੈਪਾਲ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।

ਪਿੰਡ ਤੇਈਪੁਰ ਦੇ ਪਿੰਡ ਵਾਸੀਆਂ ਨੇ ਗੁਰਦੁਆਰੇ ਵਿੱਚ ਸਰਪੰਚ ਸੰਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਪਿੰਡ ਦੇ ਹਰ ਘਰ ਵਿੱਚੋਂ ਵਾਰੀ ਸਿਰ ਵਿਅਕਤੀ ਦਿੱਲੀ ਅੰਦੋਲਨ ਵਿੱਚ ਜਾਣ ਸਬੰਧੀ ਮਤਾ ਪਾਸ ਕੀਤਾ ਗਿਆ।

ਖੇਤੀ ਕਾਨੂੰਨਾਂ ਵਿਰੁੱਧ ਮੋਮਬੱਤੀ ਮਾਰਚ

ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਗ੍ਰੀਨਫਰੰਟ ਵੈੱਲਫੇਅਰ ਸੁਸਾਇਟੀ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿੱਚ ਤਫੱਜਲਪੁਰਾ, ਗੁਰੂ ਨਾਨਕ ਨਗਰ ਅਤੇ ਗੁਰਬਖਸ਼ ਕਲੋਨੀ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮਾਰਚ ਵਿੱਚ ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਚ ਦੀ ਅਗਵਾਈ ਗ੍ਰੀਨਫਰੰਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਭੁੱਲਰ ਤੇ ਐਡਵੋਕੇਟ ਬਲਜੀਤ ਸਿੰਘ ਜੋਸਨ ਨੇ ਕੀਤੀ।

ਦੇਵੀਨਗਰ ਤੋਂ ਕਿਸਾਨ ਲੰਗਰ ਲਈ ਰਸਦ ਲੈ ਕੇ ਰਵਾਨਾ ਹੋਏ

ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਅੱਜ ਪਿੰਡ ਦੇਵੀਨਗਰ ਹੀਰਾ ਸਿੰਘ ਵਾਲਾ ਤੋਂ ਨਰਿੰਦਰ ਸੈਣੀ ਲਾਲੀ ਅਤੇ ਸਮੁੱਚੇ ਪਿੰਡ ਦੇ ਕਿਸਾਨ ਗੱਡੀਆਂ ਦਾ ਵੱਡਾ ਕਾਫਲਾ, ਲੰਗਰ ਲਈ ਰਸਦ ਸਮੱਗਰੀ ਲੈ ਕੇ ਰਵਾਨਾ ਹੋਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune