ਕਿਸਾਨ ਸੰਘਰਸ਼ ’ਚ ਔਰਤਾਂ ਦੀ ਸਰਗਰਮੀ ਹੋਰ ਵਧਾਉਣ ’ਤੇ ਜ਼ੋਰ

March 09 2021

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕ ਹਿੱਤ ਮਿਸ਼ਨ ਵੱਲੋਂ ਬੜੌਦੀ ਦੇ ਟੌਲ ਪਲਾਜ਼ਾ ਬੜੌਦੀ ’ਤੇ ਚੱਲ ਰਹੇ ਰੋਸ ਧਰਨੇ ਵਿੱਚ ਅੱਜ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਮਹਿਲਾ ਦਿਵਸ ਮੌਕੇ ਇਕੱਤਰ ਹੋਈਆਂ ਮਹਿਲਾਵਾਂ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਬਿਲ ਵਾਪਸ ਲੈਣ ਦੀ ਅਪੀਲ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਮਹਿਲਾਵਾਂ ਵਲੋਂ ਵਧ ਚੜ੍ਹ ਕੇ ਸੰਘਰਸ਼ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਕਨੂੰ ਪ੍ਰਿਆ, ਲਲਕਾਰ ਜਥੇਬੰਦੀ ਦੀ ਆਗੂ ਅਮਨਦੀਪ ਕੌਰ, ਸੁਪਰੀਤ ਕੌਰ ਯੂਨੀਵਰਸਿਟੀ ਚੰਡੀਗੜ੍ਹ, ਬਲਜੀਤ ਕੌਰ ਰਕੌਲੀ, ਮਨਪ੍ਰੀਤ ਕੌਰ, ਬਲਵਿੰਦਰ ਕੌਰ ਧਨੌੜਾਂ, ਨਵਜੋਤ ਕੌਰ ਕਰਤਾਰਪੁਰ ਤੇ ਹੋਰਨਾਂ ਨੇ ਕਿਹਾ ਕਿ ਜਿਸ ਵੀ ਸੰਘਰਸ਼ ਵਿੱਚ ਮਹਿਲਾਵਾਂ ਆਪ ਮੁਹਾਰੇ ਸ਼ਾਮਲ ਹੋ ਜਾਣ ਉਹ ਸੰਘਰਸ਼ ਸਫ਼ਲ ਹੋ ਨਿੱਬੜੇ ਹਨ। ਉਨ੍ਹਾਂ ਕੇਂਦਰ ਸਕਰਾਰ ਨੂੰ ਚਿਤਾਵਨੀ ਦਿੱਤੀ ਕਿ ਦੇਸ਼ ਭਰ ਦੀਆਂ ਔਰਤਾਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟ ਖੜ੍ਹੀਆਂ ਹੋਈਆਂ ਹਨ।

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਲੋਂ ਅੱਜ ਟੌਲ ਪਲਾਜ਼ਾ ਦੱਪਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਪੱਧਰ ’ਤੇ ਔਰਤਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦਾ ਵੱਡਮੁੱਲਾ ਯੋਗਦਾਨ ਹੈ, ਜਿਥੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਕਰ ਰਹੇ ਹਨ, ਉਥੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ ਸਮੇਤ ਔਰਤਾਂ ਅੰਦੋਲਨ ਵਿੱਚ ਵੀ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਅੰਦੋਲਨ ਔਰਤਾਂ ਦੀ ਸਮੂਲੀਅਤ ਤੋਂ ਬਗੈਰ ਕਾਮਯਾਬ ਨਹੀਂ ਹੁੰਦਾ।

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੇ ਬਣਦੇ ਜਾਇਜ ਅਧਿਕਾਰਾਂ ਦੀ ਰਾੱਖੀ ਲਈ ਹਰਜੀਤ ਕੌਰ ਪੰਜੋਲਾ ਅਤੇ ਬਲਾਕ ਪ੍ਰਧਾਨ ਗੁਰਮੀਤ ਕੌਰ ਰੁੜਕੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸ਼ਮੂਲੀਅਤ ਕਰਦਿਆਂ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ 8 ਮਾਰਚ ਕੌਮਾਂਤਰੀ ਮਹਿਲਾ ਦਿਵਸ ਸਾਡਾ ਅਧਿਕਾਰ ਦਿਵਸ ਹੈ। ਇਹ ਦਿਵਸ ਮਨਾਉਂਦੇ ਹੋਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੀ ਪੁਰਤੀ ਲਈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੂੰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰਾਹੀਂ ਮੰਗ ਪੱਤਰ ਭੇਜਿਆ ਗਿਆ।

ਪੀਜੀਆਈ ਵੱਲੋਂ ਔਰਤਾਂ ’ਚ ਛਾਤੀ ਦੇ ਕੈਂਸਰ ਬਾਰੇ ਪ੍ਰੋਗਰਾਮ

ਪੀਜੀਆਈ ਦੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਅੱਜ ਸੁਖਨਾ ਝੀਲ ’ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਡਾਇਰੈਕਟਰ ਸਿਹਤ ਸੇਵਾਵਾਂ ਚੰਡੀਗੜ੍ਹ ਡਾ. ਅਮਨਦੀਪ ਕੌਰ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਡੀਐੱਸਪੀ ਟਰੈਫ਼ਿਕ ਪੁਲੀਸ ਪਲਕ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਇੰਸਟੀਚਿਊਟ ਦੇ ਅਧਿਆਪਨ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਰੋਕਥਾਮ ਅਤੇ ਇਸ ਦਾ ਜਲਦ ਪਤਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਇਕ ਨੁੱਕੜ ਨਾਟਕ ਖੇਡਿਆ ਗਿਆ।

ਮਹਿਲਾ ਸਫ਼ਾਈ ਮੁਲਾਜ਼ਮਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਮਹਿਲਾ ਸਫ਼ਾਈ ਮੁਲਾਜ਼ਮਾਂ ਦਾ ਸਨਮਾਨ

ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਦੇ ਕੌਮੀ ਸਰਪ੍ਰਸਤ ਸੰਜੈ ਅਰੋੜਾ ਤੇ ਕੌਮੀ ਮਹਿਲਾ ਪ੍ਰਧਾਨ ਸਰਿਤਾ ਅਰੋੜਾ ਦੇ ਨਿਰਦੇਸ਼ਾਂ ਹੇਠ ਸੰਗਠਨ ਦੀ ਚੰਡੀਗੜ੍ਹ ਇਕਾਈ ਦੇ ਸੰਯੋਜਕ ਰਸ਼ਮੀ ਪੂਨੀਆ ਦੀ ਅਗਵਾਈ ’ਚ ਕੌਮਾਂਤਰੀ ਮਹਿਲਾ ਦਿਵਸ ’ਤੇ ਅੱਜ 8 ਮਾਰਚ ਨੂੰ ਮਹਿਲਾ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਇਥੇ ਸੈਕਟਰ-47 ਦੇ ਕਮਿਊਨਿਟੀ ਸੈਂਟਰ ’ਚ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਡਾ. ਹਿਮਾਂਸ਼ੂ ਪੂਨੀਆ ਤੇ ਮਹਿਲਾ ਪ੍ਰਧਾਨ ਮੋਨਿਕਾ ਭਾਰਦਵਾਜ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ’ਚ ਚੰਡੀਗੜ੍ਹ ਨਗਰ-ਨਿਗਮ ਦੀਆਂ ਮਹਿਲਾ ਕਰਮਚਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।

ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਜੰਗਪੁਰਾ ਵਿੱਚ ਤਹਿਸੀਲ ਪੱਧਰੀ ਸਮਾਗਮ

ਪੰਚਾਇਤ ਸਮਿਤੀ ਰਾਜਪੁਰਾ ਵੱਲੋਂ ਪਿੰਡ ਜੰਗਪੁਰਾ ਵਿਚ ਮਹਿਲਾ ਦਿਵਸ ਸਬੰਧੀ ਤਹਿਸੀਲ ਪੱਧਰੀ ਸਮਾਗਮ ਕਰਵਾਇਆ ਗਿਆ। ਸਮਿਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਪਤਨੀ ਗੁਰਮੀਤ ਕੌਰ ਕੰਬੋਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਮਨਿੰਦਰ ਕੌਰ, ਬੀਡੀਪੀਓ ਸੁਰਿੰਦਰ ਸਿੰਘ, ਸੀਡੀਪੀਓ ਮਨਦੀਪ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੈਬ ਸਿੰਘ ਮਨੌਲੀ ਸੂਰਤ, ਖਜ਼ਾਨ ਸਿੰਘ ਹੁਲਕਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ, ਆਂਗਨਵਾੜੀ ਵਰਕਰਾਂ ਤੇ ਹੈਲਪਰਾਂ, ਆਈਟੀਆਈ ਦੀਆਂ ਵਿਦਿਆਰਥਣਾਂ ਨੇ ਵੱਡੀ ਪੱਧਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ ਮਹਿਲਾ ਦਿਵਸ ਦੀ ਮਹੱਤਤਾ ਅਤੇ ਮਹਿਲਾਵਾਂ ਦੀ ਬਹੁ-ਪੱਖੀ ਭੂਮਿਕਾ ਬਾਰੇ ਚਰਚਾ ਹੋਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune