ਕਿਸਾਨ ਯੂਨੀਅਨ ਡਕੌਂਦਾ ਦੀ ਮੁਹਾਲੀ ਇਕਾਈ ਦਾ ਗਠਨ

November 20 2020

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਹੇਠ ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਿਸਾਨਾਂ ਦੀ ਭਰਵੀਂ ਇਕੱਤਰਤਾ ਵਿੱਚ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਵਿੱਚ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਨੌਜਵਾਨ ਆਗੂ ਜਗਜੀਤ ਸਿੰਘ ਜੱਗੀ ਕਰਾਲਾ ਨੂੰ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਯੂਨੀਅਨ ਦੇ ਬਾਕੀ ਅਹੁਦੇਦਾਰਾਂ ਵਿੱਚ ਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੇਖਨ ਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਸੇਖਨ ਮਾਜਰਾ ਨੂੰ ਖ਼ਜ਼ਾਨਚੀ, ਕਮਲਜੀਤ ਸਿੰਘ ਨੂੰ ਸਹਾਇਕ ਖਜ਼ਾਨਚੀ ਅਤੇ ਗੁਰਦੀਪ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸ੍ਰੀ ਭੱਟੀਵਾਲ ਨੇ ਇਸ ਮੌਕੇ ਬੋਲਦਿਆਂ ਕੇਂਦਰ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕੇਂਦਰ ਦੇ ਅੜੀਅਲ ਵਤੀਰੇ ਦੀ ਆਲੋਚਨਾ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜੱਗੀ ਕਰਾਲਾ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ 26 ਅਤੇ 27 ਨਵੰਬਰ ਨੂੰ ਮੁਹਾਲੀ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਦਿੱਲੀ ਲਿਜਾਣ ਦਾ ਭਰੋਸਾ ਦਿਵਾਇਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਨਵ-ਨਿਯੁਕਤ ਪ੍ਰਧਾਨ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune