ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਪੱਕੇ ਮੋਰਚੇ ਜਾਰੀ

November 11 2020

ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਮੋਰਚੇ ਵਿੱਚ ਸ਼ੰਘਰਸ਼ੀਲ ਲੋਕ ਰਾਮਪੁਰਾ ਫੂਲ ਰੇਲਵੇ ਸ਼ਟੇਸ਼ਨ ’ਤੇ 41ਵੇਂ ਦਿਨ ਵੀ ਡਟੇ ਹੋਏ ਹਨ। ਜਿਵੇਂ ਜਿਵੇਂ ਖੇਤੀ ਦਾ ਕੰਮ ਨਿੱਬੜ ਰਿਹਾ ਹੈ ਲੋਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਬੁਲਾਰਿਆਂ ਨੇ ਕਿਸਾਨਾਂ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲਾ ਇੰਨੀ ਜਲਦੀ ਮੁੱਕਣ ਵਾਲਾ ਨਹੀਂ ਹੈ, ਇਹ ਸੰਘਰਸ਼ ਲੰਬਾ ਸਮਾਂ ਚੱਲੇਗਾ ਅਤੇ ਇਸ ਲਈ ਦਿੱਲੀ ਜਾਣ ਦੀ ਤਿਆਰੀ ਵੀ ਲੰਮੇ ਸੰਘਰਸ਼ਾਂ ਦੇ ਰੂਪ ਵਿੱਚ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਹੀ ਨਹੀਂ ਬਲਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਕਾਨੂੰਨਾਂ ਰਾਹੀਂ ਪੰਜਾਬ ’ਤੇ ਘਾਤਕ ਹਮਲਾ ਕੀਤਾ ਹੈ ਤੇ ਪੰਜਾਬ ਦਾ ਹਰ ਬਾਸ਼ਿੰਦਾ ਇਸ ਦਾ ਢੁਕਵਾਂ ਜਵਾਬ ਦੇਵੇਗਾ। ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਅਰਜਨ ਸਿੰਘ ਫੂਲ , ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਰਣਜੀਤ ਸਿੰਘ ਮੰਡੀ ਕਲਾਂ ਤੇ ਬੀਕੇਯੂ ਡਕੌਦਾਂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਸੰਬੋਧਨ ਕੀਤਾ। ਖੇਤੀ ਕਾਨੂੰਨਾਂ ਦੇ ਵਿਰੁੱਧ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਸ਼ਹੀਦ ਭਗਤ ਸਿੰਘ ਸਟੇਡੀਅਤ ਵਿੱਚ ਪੱਕਾ ਮੋਰਚਾ ਤੇ ਭੁੱਖ ਹੜਤਾਲ ਜਾਰੀ ਹੈ। ਕਿਸਾਨ ਤਾਲਮੇਲ ਕਮੇਟੀ ਵੱਲੋਂ ਆਗਾਮੀ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲੋਕ ਮਹਾਂ ਪੰਚਾਇਤ ਸੱਦੀ ਗਈ ਹੈ। ਲੋਕ ਮਹਾਂ ਪੰਚਾਇਤ ਵਿੱਚ ਪੂਰੇ ਹਰਿਆਣਾ ਤੋਂ ਹਜ਼ਾਰਾਂ ਕਿਸਾਨਾਂ ਦੇ ਆਉਣ ਦਾ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਹੈ। ਹਰਿਆਣਾ ਕਿਸਾਨ ਤਾਲਮੇਲ ਕਮੇਟੀ ਦੇ ਆਗੂ ਮਨਦੀਪ ਨਾਥਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲਾਇਆ ਗਿਆ ਪੱਕਾ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਆਪਣੇ ਕਿਸਾਨ ਵਿਰੋਧ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ।ਇਸੇ ਤਰ੍ਹਾਂ 21 ਨਵੰਬਰ ਨੂੰ ਫਤਿਹਾਬਾਦ ’ਚ ਕਿਸਾਨ ਰੈਲੀ ਕੀਤੀ ਜਾਵੇਗੀ, ਜਿਸ ਵਿੱਚ 26 ਨੂੰ ਦਿੱਲੀ ਜਾਣ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਧਰਨੇ ਅੱਜ 41ਵੇਂ ਦਿਨ ਵੀ ਜਾਰੀ ਰਹੇ। ਇਨ੍ਹਾਂ ਧਰਨਿਆਂ ਵਿੱਚ ਅੱਜ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਅੰਦੋਲਨਕਾਰੀਆਂ ਨੇ ਮੋਦੀ ਦੇ ਅੜੀਅਲ ਰਵੱਈਏ ਖ਼ਿਲਾਫ਼ ਆਕਾਸ਼ ਗੂੰਜਵੇਂ ਨਾਅਰੇ ਲਗਾਏੇ। ਇਸ ਮੌਕੇ ਸੂਬਾਈ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਬਦਲਾਖੋਰੀ ਦੀਆਂ ਨੀਤੀਆਂ ਤਹਿਤ ਕਿਸਾਨਾਂ ਵਿਰੁੱਧ ਨਿੱਤ ਦਿਨ ਨਵੇਂ ਪੈਂਤੜੇ ਵਰਤ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune