ਕਿਸਾਨ ਜਥੇਬੰਦੀਆਂ ਨੇ ਜੀਓ ਸਟੋਰ ਬੰਦ ਕਰਵਾਇਆ

December 18 2020

ਅੱਜ ਮਾਨਸਾ ਵਿਖੇ ਸੀਪੀਆਈ (ਐੱਮਐੱਲ) ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ ਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਵਾਟਰ ਵਰਕਸ ਰੋਡ ’ਤੇ ਰਿਲਾਇੰਸ ਦੀ ਜਿਓ ਕੰਪਨੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਉਸ ਨੂੰ ਬੰਦ ਕਰਵਾਇਆ ਗਿਆ।

ਇਸ ਪ੍ਰਦਰਸ਼ਨ ਮੌਕੇ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਜਦੋਂ ਤੱਕ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਓਨਾ ਚਿਰ ਤੱਕ ਅੰਬਾਨੀਆਂ, ਅਡਾਨੀਆਂ ਦੇ ਕਾਰੋਬਾਰਾਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਵਾਟਰ ਵਰਕਸ ਰੋਡ ਦੇ ਵਾਸੀਆਂ ਨੇ ਇੱਕਠੇ ਹੋ ਕੇ ਫੈਸਲਾ ਕੀਤਾ ਹੈ ਕਿ ਖੇਤੀ ਅਤੇ ਦੁਕਾਨਦਾਰਾਂ ਨੂੰ ਉਜਾੜਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਦਫਤਰਾਂ ਨੂੰ ਵੀ ਤਾਲੇ ਲਵਾਏ ਜਾਣਗੇ।

ਉੱਧਰ ਵੱਖਰੇ ਤੌਰ ‘ਤੇ ਅੱਜ ਇਨਕਲਾਬੀ ਨੌਜਵਾਨ ਸਭਾ ਵੱਲੋਂ ਜੀਓ ਸਿਮ ਫੂਕ ਕੇ ਰੋਸ ਰੈਲੀ ਕੀਤੀ ਗਈ ਅਤੇ ਰਿਲਾਇੰਸ ਜੀਓ ਦਾ ਕੋਰਟ ਰੋਡ ਮਾਨਸਾ ’ਚ ਚੱਲਦਾ ਸਟੋਰ ਬੰਦ ਕਰਵਾਇਆ ਗਿਆ। ਜੱਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਮੋਦੀ ਸਰਕਾਰ ਲੋਕ ਮਾਰੂ ਅਤੇ ਅੰਬਾਨੀਆਂ ਪੱਖੀ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਜੀਓ ਦੇ ਸਟੋਰ, ਕੇਅਰ ਨਹੀਂ ਚੱਲਣ ਦਿੱਤੇ ਜਾਣਗੇ। ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਅਲਖ, ਹਰਦਮ ਸਿੰਘ, ਏਕਟੂ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਨੂੰ ਪਿਛਲੇ 21 ਦਿਨਾਂ ਤੋਂ ਕੜਾਕੇ ਦੀ ਠੰਢ ਵਿੱਚ ਦਿੱਲੀ ਬਾਰਡਰ ਅਤੇ ਸੜਕਾਂ ਉੱਪਰ ਬੈਠੇ ਹਨ ਕਿਸਾਨ ਨਹੀਂ ਦਿਖ ਰਹੇ। ਉਨ੍ਹਾਂ ਕਿਹਾ ਕਿ ਅੰਬਾਨੀ ਨੇ ਆਪਣਾ ਕਾਰੋਬਾਰ ਵਧਾਉਣ ਲਈ ਮੋਦੀ ਤੋਂ ਤਿੰਨੇ ਖੇਤੀ ਕਾਨੂੰਨ ਪਾਸ ਕਰਵਾਏ ਹਨ। ਅਸੀਂ ਅੰਬਾਨੀ ਦੇ ਚਲਦੇ ਸਟੋਰ, ਪੰਪ, ਕੇਅਰ ਆਦਿ ਨੂੰ ਪੰਜਾਬ ਅੰਦਰ ਨਹੀਂ ਚੱਲਣ ਦੇਵਾਂਗੇ। ਇਸ ਮੌਕੇ ਮੇਜਰ ਸਿੰਘ ਗੇਹਲੇ, ਗੁਰਪ੍ਰੀਤ ਝੰਡੂਕੇ, ਰੋਸ਼ਨ ਲਾਲ ਜਿੰਦਲ, ਮਲਕੀਤ, ਸ਼ੇਰ ਸਿੰਘ, ਜੀਵਨ ਸਿੰਗਲਾ, ਵਿਜੈ ਨੰਦਗੜੀਆ, ਰੀਤੂ ਕੌਰ, ਮਨਦੀਪ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨਾ ਕੌਰ, ਸਰਬਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune