ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

September 26 2020

ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੁਹਾਲੀ ਵਿਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਜ਼ਿਆਦਾਤਰ ਮਾਰਕੀਟਾਂ ਬੰਦ ਰਹੀਆਂ ਅਤੇ ਸੜਕਾਂ ਉੱਤੇ ਆਵਾਜਾਈ ਵੀ ਨਾਮਾਤਰ ਰਹੀ। ਧਰਨਾਕਾਰੀਆਂ ਨੇ ਸ਼ਹਿਰ ਵਿੱਚ ਤਿੰਨ ਥਾਵਾਂ ਉੱਤੇ ਸੜਕੀ ਆਵਾਜਾਈ ਵੀ ਰੋਕੀ। ਸਮੁੱਚੀਆਂ ਥਾਵਾਂ ਉੱਤੇ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਰਹੇ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਗੇਟ ਸਾਹਮਣੇ ਚੁਰਸਤੇ ਉੱਤੇ ਯੂਥ ਆਫ਼ ਪੰਜਾਬ ਵੱਲੋਂ ਧਰਨਾ ਦਿੱਤਾ ਗਿਆ ਅਤੇ ਤਿੰਨ ਘੰਟੇ ਦੇ ਕਰੀਬ ਜਾਮ ਲਾਇਆ ਗਿਆ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਇਸੇ ਤਰ੍ਹਾਂ ਫੇਜ਼ ਅੱਠ ਦੇ ਦਸਹਿਰਾ ਗਰਾਊਂਡ ਵਿਚ ਸੀਪੀਆਈ, ਸੀਟੀਯੂ, ਏਟਕ, ਪੈਰੀਫ਼ੇਰੀ ਮਿਲਕਮੈਨ ਯੂਨੀਅਨ, ਤਰਕਸ਼ੀਲ ਸੁਸਾਇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਸਭਾ, ਸਾਹਿਤ ਚਿੰਤਨ, ਸਾਹਿਤ ਵਿਗਿਆਨ ਕੇਂਦਰ, ਪੇਂਡੂ ਸੰਘਰਸ਼ ਕਮੇਟੀ, ਚੇਤਨਾ ਮੰਚ ਨੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਫੇਜ਼ ਸੱਤ ਦੀਆਂ ਟਰੈਫ਼ਿਕ ਲਾਈਟਾਂ ਵਿਚ ਕੁੱਝ ਸਮੇਂ ਲਈ ਜਾਮ ਵੀ ਲਾਇਆ ਅਤੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਮ ਵਿੱਚ ਵੱਡੀ ਗਿਣਤੀ ਵਿੱਚ ਦੋਧੀ ਵੀ ਮੌਜੂਦ ਸਨ। ਪਿੰਡ ਕੁੰਭੜਾ ਦੀਆਂ ਦਰਜਨਾਂ ਮਹਿਲਾਵਾਂ ਅਤੇ ਮਰਦਾਂ ਨੇ ਲਾਭ ਕੌਰ, ਮਹਿੰਦਰ ਕੌਰ, ਜਸਵੰਤ ਸਿੰਘ, ਮੇਵਾ ਸਿੰਘ ਲਾਭ ਸਿੰਘ ਆਦਿ ਦੀ ਅਗਵਾਈ ਹੇਠ ਗਰੇਸ਼ੀਅਨ ਹਸਪਤਾਲ ਦੇ ਨੇੜੇ ਪਿੰਡ ਕੁੰਭੜਾ ਵਿਖੇ ਧਰਨਾ ਦਿੱਤਾ ਅਤੇ ਆਵਾਜਾਈ ਰੋਕੀ। ਸਾਰੀਆਂ ਥਾਵਾਂ ਉੱਤੇ ਕਿਸਾਨ ਸੁਧਾਰ ਬਿਲਾਂ ਨੂੰ ਵਾਪਿਸ ਲੈਣ ਅਤੇ ਮੋਦੀ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਖਰੜ ਵਿੱਚ 6 ਘੰਟੇ ਦਾ ਜਾਮ

ਖੇਤੀ ਬਿਲਾਂ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅੱਜ ਕਿਸਾਨ ਯੂਨੀਅਨਾਂ ਵੱਲੋਂ ਖਰੜ ਬੱਸ ਸਟੈਂਡ ਉਤੇ ਰੋਸ਼ ਦਾ ਪ੍ਰਗਟਾਵਾ ਕਰਦੇ ਹੋਏ ਧਰਨਾ ਦਿੱਤਾ ਗਿਆ ਤੇ ਲਗਪਗ 6 ਘੰਟਿਆਂ ਤੱਕ ਸੜਕ ’ਤੇ ਟਰੈਫਿਕ ਜਾਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਪੰਚਾਇਤ ਯੂਨੀਅਨ ਅਤੇ ਬਸਪਾ ਵੱਲੋਂ ਵੀ ਹਮਾਇਤ ਕੀਤੀ ਗਈ। ਰੂਪਨਗਰ (ਬਹਾਦਰਜੀਤ ਸਿੰਘ): ਅੱਜ ਰੂਪਨਗਰ ਵਿਖੇ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਥਾਂਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਾਟਕ ਅਤੇ ਰੂਪਨਗਰ-ਨਵਾਂਸ਼ਹਿਰ ਸੜਕ ’ਤੇ ਇਕ ਰੋਹ ਭਰਪੂਰ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕਰਵਾਉਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਅੱਜ ਇਨ੍ਹਾਂ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੀ ਰੂਪਨਗਰ ਹਲਕੇ ਦੀ ਜਥੇਬੰਦੀ ਵੱਲੋਂ ਰੂਪਨਗਰ-ਚੰਡੀਗੜ੍ਹ ਮਾਰਗ ਜਾਮ ਕੀਤਾ ਗਿਆ।

ਪਿੰਜੌਰ ਵਿੱਚ ਅੱਜ ਕਿਸਾਨਾਂ ਨੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਐਗਰੋ ਇੰਡਸਟਰੀ ਨੂੰ ਉਦਯੋਗਪਤੀਆਂ ਦੀ ਝੋਲੀ ਪਾ ਦਿੱਤਾਅਤੇ ਹੁਣ ਅਜਿਹਾ ਹੀ ਕੰਮ ਖੇਤੀ ਜਿਣਸਾਂ ਨਾਲ ਵੀ ਕੀਤਾ ਜਾ ਰਿਹਾ ਹੈ। ਖੇਤੀ ਹੀ ਪੰਜਾਬ ਅਤੇ ਹਰਿਆਣਾ ਦੀ ਜੀਵਨ ਰੇਖਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਇਸ ਕਿੱਤੇ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਕਿਸਾਨਾਂ ਦੇ ਹੱਕ ’ਚ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਕੇ ਭਰਵਾਂ ਰੋਸ ਮੁਜ਼ਾਹਰਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਲਗਾਏ ਗਏ ਇਸ ਧਰਨੇ ’ਚ ਊਨ੍ਹਾਂ ਕਿਹਾ ਕਿ ਸਰਕਾਰ ਬਣਾਉਣਾ ਤਾਂ ਦੂਰ ਦੀ ਗੱਲ ਹੈ, ਅਕਾਲੀਆਂ ਤੋਂ ਬਿਨਾਂ ਭਾਜਪਾ ਪੰਜਾਬ ਅੰਦਰ ਇੱਕ ਵੀ ਸੀਟ ਨਹੀਂ ਜਿੱਤ ਸਕਦੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤੇ ਮਾਰੂ ਬਿੱਲਾਂ ਨੂੰ ਤੁਰੰਤ ਵਾਪਸ ਲਵੇ ਨਹੀਂ ਤਾਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ। ਸ੍ਰੀ ਚਾਵਲਾ ਨੇ ਕਿਹਾ ਕਿ ਆਪਣੀ ਖੁੱਸ ਚੁੱਕੀ ਸਿਆਸੀ ਜ਼ਮੀਨ ਨੂੰ ਤਲਾਸ਼ਣ ’ਚ ਲੱਗੇ ਮਿੱਤਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਅਕਾਲੀ ਸਾਥ ਨਾ ਦੇਣ।

ਪਿੰਡਾਂ ਵਿੱਚੋਂ ਟਰੈਕਟਰ-ਟਰਾਲੀਆਂ ਰਾਹੀਂ ਨਿਕਲੇ ਕਿਸਾਨ

ਇਸ ਖੇਤਰ ਦੇ ਪਿੰਡਾਂ ਵਿੱਚੋਂ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਉੱਤੇ ਧਰਨਿਆਂ ਵਿੱਚ ਸ਼ਾਮਿਲ ਹੋਣ ਲਈ ਨਿਕਲੇ। ਪਿੰਡ ਚਿੱਲਾ ਤਾਂ ਕਿਸਾਨਾਂ ਦੀ ਤਿੰਨ ਟਰਾਲੀਆਂ ਖਰੜ ਵਿਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਗਈਆਂ। ਸੋਹਾਣਾ ਦੇ ਧਰਨੇ ਵਿੱਚ ਵੀ ਨੌਜਵਾਨਾਂ ਨੇ ਟਰੈਕਟਰਾਂ ਉੱਤੇ ਸ਼ਿਰਕਤ ਕੀਤੀ।

ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਲੈਂਦੇ ਰਹੇ ਜਾਇਜ਼ਾ

ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਜ਼ਿਲ੍ਹੇ ਦੀ ਅਮਨ ਕਾਨੂੰਨ ਦੀ ਸਥਿਤੀ ਅਤੇ ਕਿਸਾਨਾਂ ਵੱਲੋਂ ਲਾਏ ਧਰਨਿਆਂ ਦਾ ਜਾਇਜ਼ਾ ਲੈਂਦੇ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰਾ ਕੁੱਝ ਸਾਂਤਮਈ ਚੱਲ ਰਿਹਾ ਹੈ ਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਲੱਗੇ ਧਰਨਿਆਂ ਕਾਰਨ ਆਵਾਜਾਈ ਨੂੰ ਬਦਲਵੇਂ ਰੂਟਾਂ ਉੱਤੇ ਚਲਾਇਆ ਗਿਆ ਹੈ।

ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਅੱਜ 25 ਸਤੰਬਰ ਨੂੰ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਹਮਾਇਤ ਕਰਦਿਆਂ ਸੈਕਟਰ 17 ਪਲਾਜ਼ਾ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਅੱਜ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਲਾਜ਼ਾ ਵਿੱਚ ਵੱਖ ਵੱਖ ਵਿਦਿਆਰਥੀਆਂ ਜਥੇਬੰਦੀਆਂ ਵੱੱਲੋਂ ਕਿਸਾਨੀ ਸੰਘਰਸ਼ਾਂ ਦੇ ਸਮਰਥਨ ਵਿੱਚ ਪੰਜਾਬ ਬੰਦ ਨੂੰ ਹਮਾਇਤ ਦਿੰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਆਈਸਾ, ਪੀ.ਐੱਸ.ਯੂ. (ਲਲਕਾਰ) ਅਤੇ ਐਸ.ਐਫ.ਐਸ. ਤੇ ਯੂਥ ਫਾਰ ਸਵਰਾਜ ਦੇ ਕਾਰਕੁਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਊਨ੍ਹਾਂ ਆਪਣੇ ਹੱਥਾਂ ਵਿੱਚ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਦਰਸਾਉਂਦੇ ਪੋਸਟ ਫੜੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਵਿੱਚ ਅੰਕੁਰ ਗੋਇਤ, ਸੰਜੀਵ, ਜੈਦੇਵ, ਅਮਨ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਹਾਲ ਹੀ ਵਿੱਚ ਪਾਸ ਕੀਤੇ ਗਏ ਤਿੰਨੇਂ ਖੇਤੀ ਬਿੱਲਾਂ ਨੂੰ ਕਿਸਾਨਾਂ ਨੂੰ ਮਜ਼ਬੂਤ ਅਤੇ ਆਜ਼ਾਦੀ ਦੇਣ ਵਾਲਾ ਕਾਨੂੰਨ ਦੱਸ ਰਹੀ ਹੈ, ਪਰ ਹਕੀਕਤ ਇਹ ਹੈ ਕਿ ਇਹ ਬਿੱਲ ਕਿਸਾਨੀ ਹਿੱਤਾਂ ਦੇ ਬਿਲਕੁਲ ਉਲਟ ਹਨ। ਇਹ ਬਿੱਲ ਕਿਸਾਨਾਂ ਲਈ ਖਤਰਾ ਪੈਦਾ ਕਰ ਕੇ ਭਾਰਤ ਵਿੱਚ ਕੰਪਨੀ ਰਾਜ ਦੀ ਸਥਾਪਨਾ ਕਰਨਗੇ। ਇਹ ਬਿੱਲ ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾ ਦੇਣਗੇ ਅਤੇ ਦੇਸ਼ ਵਿੱਚ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਦੇ ਪੈਰ ਪਸਾਰਨ ਲਈ ਹੋਰ ਰਾਹ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਵੱਡੇ ਵਪਾਰੀ ਅਤੇ ਉਦਯੋਗਿਕ ਘਰਾਣੇ ਅਤੇ ਵੱਡੀਆਂ ਕੰਪਨੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਇਸ ਕਾਨੂੰਨ ਦਾ ਸਖ਼ਤ ਵਿਰੋਧ ਕਰਦੀਆਂ ਹਨ ਅਤੇ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲੇ ਇਨ੍ਹਾਂ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣਗੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune