ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾ

May 17 2022

ਚੰਡੀਗੜ੍ਹ: ਅੱਤ ਦੀ ਗਰਮੀ ਦੇ ਮੌਸਮ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਕਰਕੇ ਕਈ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਨਾਲ ਰਸਤਿਆਂ/ਸੜਕਾਂ ਦੁਆਲੇ ਖੜ੍ਹੇ ਦਰਖਤਾਂ ਦਾ ਨੁਕਸਾਨ ਹੋਇਆ, ਖੇਤੀ ਲਈ ਲਾਭਦਾਇਕ ਲੱਖਾਂ ਜੀਵ-ਜੰਤੂ ਅੱਗ ਵਿਚ ਜਲ ਜਾਣ ਨਾਲ ਵਾਤਾਵਰਣ ਦਾ ਨਾ-ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਪਹਿਲਾਂ ਹੀ ਧਰਤੀ ਹੇਠਲਾ ਪਾਣੀ ਖਤਮ ਹੋਣ ਦੇ ਕਗਾਰ ਤੇ ਹੈ ਅਤੇ ਜਿਹੜਾ ਪਾਣੀ ਧਰਤੀ ਸਤਹ ਉੱਤੇ ਮਿਲਣਾ ਉਹ ਖਾਦ/ਕੀਟਨਾਸ਼ਕਾ ਦਵਾਈਆਂ ਦੀ ਨਜ਼ਾਇਜ਼ ਵਰਤੋਂ ਕਰਕੇ ਦੂਸ਼ਿਤ ਹੋ ਚੁੱਕਿਆ ਹੈ। ਵਿਗੜ ਰਿਹਾ ਵਾਤਾਵਰਣ, ਖੇਤੀ ਸੰਕਟ ਨੂੰ ਹੋਰ ਗਹਿਰਾ ਕਰ ਰਿਹਾ। ਇਸ ਦੇ ਮੱਦੇਨਜ਼ਰ ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ।
ਸਾਂਝੇ ਬਿਆਨ ਵਿਚ ਸਿੰਘ ਸਭਾ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਅਪੀਲ ਕਰਨ ਕਿ ਉਹ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ। ਕਣਕ ਦੇ ਨਾੜ, ਝੋਨੇ ਦੀ ਪਰਾਲੀ ਤੋਂ ਕਿਤੇ ਨਰਮ ਹੁੰਦਾ ਅਤੇ ਤੂੜੀ ਬਣਾਉਣ ਤੋਂ ਬਾਅਦ, ਨਾੜ ਨਾ-ਮਾਤਰ ਹੀ ਖੇਤ ਵਿਚ ਰਹਿ ਜਾਂਦਾ ਹੈ ਜਿਹੜਾ ਇੱਕ ਵਹਾਈ ਨਾਲ ਹੀ ਖਤਮ ਹੋ ਜਾਂਦਾ ਅਤੇ ਝੋਨੇ ਦੀ ਲਵਾਈ ਵਿੱਚ ਕੋਈ ਅੜਿਕਾ ਨਹੀਂ ਬਣਦਾ। ਬਾਕੀ ਵਾਤਾਵਰਨ ਨੂੰ ਦਰੁਸਤ ਰੱਖਣ ਲਈ ਕੁਦਰਤੀ ਚੱਕਰ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਫੈਕਟਰੀ/ਮੁਲਾਜ਼ਮਾਂ ਵਾਲੀਆਂ ਟਰੇਡ ਯੂਨੀਅਨਾਂ ਵਾਲੀ ਤਰਜ਼ ਉੱਤੇ ਖੇਤੀ ਯੂਨੀਅਨਾਂ ਨਹੀਂ ਚਲਾ ਸਕਦੇ। ਖੇਤੀ ਸੈਕਟਰ ਵਿਚ ਕੋਈ ਕਾਰਖਾਨੇਦਾਨ/ਅਜ਼ਾਰੇਦਾਰ/ਨੌਕਰੀ ਦੇਣ ਵਾਲੀ ਸਰਕਾਰੀ ਏਜੰਸੀ ਵਿਰੁੱਧ ਕਿਸਾਨਾਂ ਦੀ ਸਿੱਧੀ ਟੱਕਰ ਨਹੀਂ ਹੈ। ਕਿਸਾਨੀ ਦੀ ਲੜ੍ਹਾਈ ਤਾਂ ਸਰਮਾਏਦਾਰ ਸਰਕਾਰਾਂ ਦੀ ਮਦਦ ਨਾਲ ਖੜ੍ਹੇ ਹੋਏ ਕਾਰਪੋਰੇਟ ਸੰਸਾਰ ਰਾਹੀਂ ਸਿਰਜੀ ਮੰਡੀ/ਮਾਰਕੀਟ ਵਿਰੁੱਧ ਹੈ। ਇਸ ਕਰਕੇ ਕਿਸਾਨ ਸਿਰਫ ਵਰਕਰ/ਮੁਲਾਜ਼ਮ ਨਹੀਂ ਉਹ ਖੁਦ ਮਜ਼ਦੂਰਾਂ/ਨੌਕਰਾਂ ਨੂੰ ਰੁਜ਼ਗਾਰ ਵੀ ਦਿੰਦਾ। ਜਿਸ ਕਰਕੇ, ਖੇਤੀ ਇੱਕ ਨਿਵੇਕਲੀ ਕਿਸਮ ਤੇ ਕੁਦਰਤ ਨਾਲ ਜੁੜਿਆ ਹੋਇਆ ਕਿੱਤਾ ਹੈ। ਜਿਹੜਾ ਵਾਤਾਵਰਣ ਦਾ ਸੰਤੁਲਨ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਦਿੰਦਾ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿਸਾਨ ਯੂਨੀਅਨਾਂ ਦੇ ਕਈ ਲੀਡਰ ਇਸ ਡਰ ਤੋਂ ਕਣਕ ਦੇ ਨਾੜ ਸਾੜਨ ਤੋਂ ਕਿਸਾਨ ਨੂੰ ਨਹੀਂ ਵਰਜਦੇ ਤਾਂ ਕਿ ਕਿਸਾਨ ਉਹਨਾਂ ਦੀ ਯੂਨੀਅਨ ਤੋਂ ਟੁੱਟ ਨਾ ਜਾਣ। ਪਰ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਤਿੰਨ ਚਾਰ ਦਹਾਕੇ ਪਹਿਲਾਂ ਕਿ ਸਰਕਾਰੀ ਸਕੂਲਾਂ ਦੀਆਂ ਅਧਿਆਪਕ ਯੂਨੀਅਨਾਂ ਸਿਰਫ ਟੀਚਰਾਂ ਦੀਆਂ ਤਨਖਾਹ ਸਬੰਧੀ ਮੰਗਾਂ ਅਤੇ ਬਦਲੀਆਂ ਦੇ ਮਸਲੇ ਉੱਤੇ ਹੀ ਲੜ੍ਹਦੀਆਂ ਰਹੀਆਂ ਸਨ ਅਤੇ ਕਦੇ ਵੀਂ ਅਧਿਆਪਕਾਂ ਨੂੰ ਬੱਚਿਆ ਨੂੰ ਚੰਗੀ ਤਰ੍ਹਾ ਪੜਾਉਣ ਦੀ ਅਪੀਲ ਨਹੀਂ ਕੀਤੀ ਸੀ। ਜਿਸ ਕਰਕੇ, ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਡਿਗਦਾ ਗਿਆ ਅਤੇ ਦੁਕਾਨ-ਨੁਮਾ ਪ੍ਰਾਈਵੇਟ ਸਕੂਲ ਵਧਦੇ ਗਏ। ਹੁਣ ਪੰਜਾਬ ਸਰਕਾਰੀ ਸਕੂਲ ਸਿਰਫ 50 ਪ੍ਰਤੀਸ਼ਤ ਰਹਿ ਗਏ ਹਨ। ਜਿਸ ਨਾਲ ਆਮ ਲੋਕਾਂ ਦੇ ਬੱਚਿਆ ਦੀ ਪੜ੍ਹਾਈ ਅਤੇ ਉਹਨਾਂ ਵਿੱਚੋਂ ਅਧਿਆਪਕ ਬਣਨ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦਾ ਨੁਕਸਾਨ ਹੋਇਆ।
ਸਾਂਝੇ ਬਿਆਨ ਜ਼ਰੀਏ ਅਪੀਲ ਕੀਤੀ ਗਈ ਕਿ ਕਿਸਾਨ ਲੀਡਰ ਆਪਣੀ ਇਤਿਹਾਸਕ ਜ਼ਿੰਮੇਵਾਰੀ ਤੋਂ ਨਾ ਭੱਜਣ ਅਤੇ ਚੇਤੇ ਰੱਖਣ ਦੀ ਬਹੁਤੇ ਕਿਸਾਨ ਲੀਡਰਾਂ ਦੀ ਮਦਦ ਕਰਕੇ ਹੀ, ਸਰਕਾਰ ਤੋਂ ਬੇਪ੍ਰਵਾਹ ਹੋ ਕੇ, ਕਣਕ ਦਾ ਨਾੜ ਸਾੜ ਰਹੇ ਹਨ। ਕਿਸਾਨ ਲੀਡਰ ਨਾੜ ਸਾੜਨ ਤੋਂ ਰੋਕਣ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ। ਇਸ ਸਾਂਝੇ ਬਿਆਨ ਵਿਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ),ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਸ਼ਾਮਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ:Rozana Spokesman