ਕਿਸਾਨ ਆਗੂਆਂ ਨੇ ਕਿਹਾ : ਉਹ ਗੱਲਬਾਤ ਕਰਨ ਲਈ ਤਿਆਰ ਪਰ ਕਾਨੂੰਨ ਰੱਦ ਕਰਨ ਦੀ ਮੰਗ ਤੇ ਕਾਇਮ

December 12 2020

ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜਨ ਲਈ ਦਿੱਲੀ ਧਰਨੇ ਤੇ ਬੈਠੇ ਪੰਜਾਬ ਦੀਆਂ 30 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਸ਼ੁੱਕਰਵਾਰ ਗੱਲਬਾਤ ਲਈ ਕੇਂਦਰੀ ਮੰਤਰੀਆਂ ਵੱਲੋਂ ਫੋਨ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਗੱਲਬਾਤ, ਮੀਟਿੰਗ ਤੋਂ ਪਿੱਛੇ ਨਹੀਂ ਹਟਦੇ ਤੇ ਉਹ ਕਾਨੂੰਨ ਰੱਦ ਕਰਨ ਦੀ ਇਕੋ ਮੰਗ ਤੇ ਕਾਇਮ ਹਨ। ਸੂਤਰ ਦੱਸਦੇ ਹਨ ਕਿ ਸ਼ੁੱਕਰਵਾਰ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਆਗੂਆਂ ਨੂੰ ਫੋਨ ਕਰ ਕੇ ਮੀਟਿੰਗ ਚ ਆਉਣ ਬਾਰੇ ਪੁੱਛਿਆ ਗਿਆ ਹੈ ਕਿ ਉਹ ਮੀਟਿੰਗ ਚ ਆਉਣ ਨੂੰ ਤਿਆਰ ਹਨ। ਇਸ ਦੇ ਜਵਾਬ ਚ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਜਾਂ ਮੀਟਿੰਗ ਤੋਂ ਪਿੱਛੇ ਨਹੀਂ ਹੱਟਣਗੇ ਪਰ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ ਤੇ ਕਾਇਮ ਹਨ।

ਓਧਰ ਸ਼ੁੱਕਰਵਾਰ ਕਿਸਾਨ ਆਗੂਆਂ ਨੇ ਆਪਣੀ ਮੀਟਿੰਗ ਕਰ ਕੇ ਸ਼ਨਿਚਰਵਾਰ ਨੂੰ ਦੇਸ਼ ਚ ਟੋਲ ਪਲਾਜ਼ਿਆਂ ਤੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਰਣਨੀਤੀ ਬਣਾਈ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਆਗਰਾ, ਜੈਪੁਰ ਹਾਈਵੇ ਜਾਮ ਕਰਨ, ਟੋਲ ਪਲਾਜ਼ਿਆਂ ਤੇ 14 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਨੂੰ ਲੈ ਕੇ ਵਿਊਂਤਬੰਦੀ ਬਣਾਈ ਗਈ। ਮੀਟਿੰਗ ਚ ਸਾਂਝੇ ਕਿਸਾਨ ਮੋਰਚਾ ਦੇ ਆਗੂ ਵੀ ਸ਼ਾਮਲ ਸਨ। ਪੰਜਾਬ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਚ ਪਹਿਲਾਂ ਹੀ ਸੰਘਰਸ਼ ਸਿਖ਼ਰ ਤੇ ਹੈ, ਬਾਕੀ ਸੂਬਿਆਂ ਚ ਟੋਲ-ਪਲਾਜ਼ਾ ਬੰਦ ਕਰਨ ਲਈ ਸਬੰਧਿਤ ਸੂਬਿਆਂ ਦੇ ਆਗੂਆਂ ਨੂੰ ਅਗਵਾਈ ਕਰਨੀ ਚਾਹੀਦੀ ਹੈ।

ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਾਰਾਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਤੇ ਕਿਸਾਨਾਂ ਦੀਆਂ ਮੰਗਾਂ ਦੀ ਲੜਾਈ ਲੜ ਰਹੇ ਹਨ ਤੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran