ਕਿਸਾਨ ਅੰਦੋਲਨ ਦੀ ਕਾਮਯਾਬੀ ਲਈ ਜੱਥੇ ਦਿੱਲੀ ਰਵਾਨਾ

December 10 2020

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਪੂਰਾ ਦੇਸ਼ ਨਿੱਤਰਨ ਤੋਂ ਬਾਅਦ ਜਥੇਬੰਦੀਆਂ ਨੂੰ ਮਿਲੇ ਜ਼ੋਰਦਾਰ ਹੁੰਗਾਰੇ ਤੋਂ ਅਗਲੇ ਦਿਨ ਅੱਜ ਵੱਖ-ਵੱਖ ਧਿਰਾਂ ਦੇ ਸੈਂਕੜੇ ਵਰਕਰ ਦਿੱਲੀ ਲਈ ਰਵਾਨਾ ਹੋਏ। ਇਹ ਵਰਕਰ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਮਾਲਵਾ ਖੇਤਰ ਵਿੱਚ ਆਏ ਹੋਏ ਸਨ ਅਤੇ ਹੁਣ ਦਿੱਲੀ ਦੇ ਅੰਦੋਲਨ ਨੂੰ ਕਾਮਯਾਬੀ ਦਵਾਉਣ ਲਈ ਮੁੜ ਵਾਪਸ ਰਾਜਧਾਨੀ ਮੁੜਨ ਲੱਗੇ ਹਨ।  ਮਾਨਸਾ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਦਿੱਲੀ ਲਈ ਜੱਥਾ ਰਵਾਨਾ ਹੋਇਆ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਣ ਦਿੱਲੀ ਜਿੱਤਣੀ ਔਖੀ ਨਹੀਂ, ਸਗੌਂ ਸੌਖੀ ਹੋ ਗਈ ਹੈ।   

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਬੰਦ ਦੇ ਸੱਦੇ ਨੂੰ ਸਿਰਸਾ ਵਿੱਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਕਿਸਾਨਾਂ ਦਾ ਦਿੱਲੀ ਜਾਣ ਦਾ ਸਿਲਸਿਲਾ ਫਿਰ ਤੋਂ ਜ਼ੋਰ ਫੜ ਰਿਹਾ ਹੈ। ਕਿਸਾਨ ਸਭਾ ਨਾਲ ਸੰਬਧ ਕਿਸਾਨਾਂ ਦੀਆਂ ਤਿੰਨ ਟਰਾਲੀਆਂ ਰਾਸ਼ਨ ਸਣੇ ਪਿੰਡ ਬਣੀ ਤੋਂ ਜਿਥੇ ਦਿੱਲੀ ਲਈ ਰਵਾਨਾ ਹੋਈਆਂ ਹਨ, ਉਥੇ ਹੀ ਭਾਵਦੀਨ ਟੌਲ ਪਲਾਜ਼ਾ ਤੋਂ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਆਪਣੀ ਪਾਰਟੀ ਦੇ ਕਿਸਾਨਾਂ ਦੇ ਵੱਡੇ ਜਥੇ ਨਾਲ ਦਿੱਲੀ ਲਈ ਰਵਾਨਾ ਹੋਏ ਹਨ। ਭਾਰਤ ਬੰਦ ਦੇ ਸੱਦੇ ‘ਤੇ ਸਿਰਸਾ ਵਿੱਚ ਮਿਲੇ ਭਰਵੇਂ ਹੁੰਗਾਰੇ ‘ਤੇ ਭਾਕਪਾ ਆਗੂ ਸੁਵਰਨ ਸਿੰਘ ਵਿਰਕ, ਜ਼ਿਲ੍ਹਾ ਪਾਰਟੀ ਸਕੱਤਰ ਜਗਰੂਪ ਸਿੰਘ ਚੌਬੁਰਜਾ ਅਤੇ ਕਿਸਾਨ ਆਗੂ ਤਿਲਕ ਰਾਜ ਵਿਨਾਇਕ ਨੇ ਸਿਰਸਾ ਜ਼ਿਲ੍ਹੇ ਦੇ ਲੋਕਾਂ ਦਾ ਬੰਦ ਵਿੱਚ ਦਿੱਤੇ ਗਏ ਸਹਿਯੋਗ ‘ਤੇ ਧੰਨਵਾਦ ਕੀਤਾ ਹੈ।  

ਤਰਕਸ਼ੀਲ ਸੁਸਾਇਟੀ ਦੇ ਆਗੂ 12 ਨੂੰ ਜਾਣਗੇ ਦਿੱਲੀ

ਤਰਕਸ਼ੀਲ ਸੁਸਾਇਟੀ ਦੀ ਮਾਨਸਾ ਇਕਾਈ ਦੇ ਜਥੇਬੰਦਕ ਮੁਖੀ ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਖੇਤਾਂ, ਸੁਪਨਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਪੰਜਾਬ ਦੇ ਅੰਨਦਾਤਿਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਰਿਹਾ ਘੋਲ ਹੱਕੀ ਤੇ ਸਮੇਂ ਦੇ ਹਾਣ ਦਾ ਹੈ, ਜਿਸ ਨੂੰ ਹਰ ਵਰਗ ਦੀ ਹਮਾਇਤ ਹਾਸਲ ਹੈ। ਉਹ ਇੱਥੇ ਜਥੇਬੰਦੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।   ਮੀਡੀਆ ਵਿਭਾਗ ਦੇ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਖੇਤੀ ਕਾਨੂੰਨ ਕਿਰਤੀ ਕਿਸਾਨਾਂ ਦੇ ਨਾਲ-ਨਾਲ ਖੇਤੀ ਕਿੱਤੇ ਨਾਲ ਜੁੜੇ ਹੋਰ ਸਭਨਾਂ ਵਰਗਾਂ ਦੇ ਲੋਕਾਂ ਦਾ ਭਵਿੱਖ ਤਬਾਹ ਕਰਨ ਵਾਲੇ ਹਨ। ਇਸ ਦੌਰਾਨ ਮਾਸਟਰ ਲੱਖਾ ਸਿੰਘ ਸਹਾਰਨਾ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦਾ ਵੱਡਾ ਕਾਫ਼ਲਾ 12 ਦਸੰਬਰ ਨੂੰ ਦਿੱਲੀ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune