ਕਿਰਤ ਕਾਨੂੰਨਾਂ ’ਚ ਸੋਧਾਂ ਖ਼ਿਲਾਫ਼ ਟਰੇਡ ਯੂਨੀਅਨਾਂ ਵੱਲੋਂ ਮੁਜ਼ਾਹਰਾ

February 04 2021

ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਇੰਟਕ, ਏਟਕ, ਸੀਟੂ ਅਤੇ ਸੀਟੀਯੂ ਵੱਲੋਂ ਚਾਰ ਲੇਬਰ ਕੋਡ ਬਿੱਲਾਂ ਦੀਆਂ ਕਾਪੀਆਂ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਭਾਰਤ ਨਗਰ ਚੌਕ ਨੇੜੇ ਪੰਜਾਬੀ ਭਵਨ ਦੇ ਬਾਹਰ ਮੇਨ ਸੜਕ ’ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੈਲੀ ਵੀ ਕੱਢੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਸੈਂਕੜੇ ਸਾਲ ਪੁਰਾਣੇ ਕਾਨੂੰਨ, ਜੋ ਬੜੇ ਸੰਘਰਸ਼ਾਂ ਤੋਂ ਬਾਅਦ ਬਣਵਾਏ ਸਨ, ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ 40 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ 4 ਕੋਡਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਨਾਲ ਮਜ਼ਦੂਰਾਂ ਨੂੰ ਯੂਨੀਅਨਾਂ ਬਣਾਉਣ ਦਾ ਅਧਿਕਾਰ, ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ, ਮਹਿੰਗਾਈ ਭੱਤਾ, ਕੌਮਾਂਤਰੀ ਸਟੈਂਡਰਡ ਮੁਤਾਬਕ ਕੰਮ ਦੇ ਘੰਟੇ ਅਤੇ ਹੋਰ ਹਾਸਲ ਕੀਤੀਆਂ ਹੋਈਆਂ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਜਾਵੇਗਾ। ਬੁਲਾਰਿਆਂ ਨੇ ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਵੀ ਕੀਤਾ।

ਰੈਲੀ ਨੂੰ ਚਰਨ ਸਿੰਘ ਸਰਾਭਾ, ਗੁਰਜੀਤ ਸਿੰਘ ਜਗਪਾਲ, ਰਮੇਸ਼ ਰਤਨ, ਬਲਦੇਵ ਮੋਦਗਿਲ, ਗੁਰਮੇਲ ਸਿੰਘ ਮੇਲਡੇ, ਕੇਵਲ ਸਿੰਘ ਬਨਵੈਤ, ਰਛਪਾਲ ਸਿੰਘ ਅਤੇ ਸੁਰਿੰਦਰ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ।

ਆਲ ਇੰਡੀਆ ਟਰੇਡ ਯੂਨੀਅਨ ਦੇ ਸੱਦੇ ’ਤੇ ਪੀਏਯੂ ਐਂਪਲਾਈਜ਼ ਯੂਨੀਅਨ ਦੇ ਦਫ਼ਤਰ ਵਿਚ ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀਏਯੂ ਐਂਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਨੇ ਕੇਂਦਰ ਸਰਕਾਰ ਵੱਲੋਂ ਵੇਜ ਕੋਡ-2020 ਰਾਹੀਂ ਪਾਸ ਕੀਤੇ ਮੁਲਾਜ਼ਮ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ।

ਪੀਏਯੂ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਵਿਰੋਧੀ ਅਤੇ ਮੁਲਾਜ਼ਮ ਮਾਰੂ ਕਾਨੂੰਨ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਕੋਡ 2020, ਉਦਯੋਗਿਕ ਸਬੰਧ ਕੋਡ-2020, ਤਨਖ਼ਾਹ ਕੋਡ-2020 ਅਤੇ ਸਿਹਤ ਕੋਡ-2020 ਆਦਿ ਦਾ ਸਾਰੇ ਮੁਲਾਜ਼ਮ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਯੂਨੀਅਨਾਂ ਬਣਾਉਣ ਦੇ ਅਧਿਕਾਰ, ਰੋਸ ਪ੍ਰਗਟਾਉਣ ਦੇ ਅਧਿਕਾਰ, ਮਹਿੰਗਾਈ ਭੱਤਾ, ਕੰਮ ਕਰਨ ਦੇ ਘੰਟੇ ਅਤੇ ਹੋਰ ਹਾਸਲ ਸਹੂਲਤਾਂ ’ਤੇ ਕੱਟ ਮਾਰਿਆ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune