ਕਣਕ ਦੀ ਫ਼ਸਲ ’ਤੇ ਤੇਲੇ ਦਾ ਹਮਲਾ

February 24 2021

ਕਣਕ ਉੱਤੇ ਪੀਲੀ ਕੁੰਗੀ ਦੇ ਹਮਲੇ ਨੂੰ ਦੇਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਕਣਕ ਦੀ ਫ਼ਸਲ ਦਾ ਨਿਰੀਖ਼ਣ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਅਗਲੇ ਕੁਝ ਦਿਨ ਪੀਲੀ ਕੁੰਗੀ ਤੇ ਤੇਲੇ ਦੇ ਹਮਲੇ ਦੀ ਰੋਕਥਾਮ ਲਈ ਕਣਕ ਦੀ ਫ਼ਸਲ ਦੀ ਨਿਗਰਾਨੀ ਦੀ ਸਲਾਹ ਦੇ ਰਹੇ ਹਨ।

ਖੇਤੀਬਾੜੀ ਅਫ਼ਸਰ ਰਾਜਪੁਰਾ ਡਾ. ਗੁਰਮੇਲ ਸਿੰਘ, ਏਡੀਓ ਅਮਨਪ੍ਰੀਤ ਸਿੰਘ, ਜਤਿਨ ਵਰਮਾ, ਜਸਵਿੰਦਰ ਸਿੰਘ ਅਤੇ ਅਵਤਾਰ ਸਿੰਘ ’ਤੇ ਆਧਾਰਿਤ ਟੀਮ ਨੇ ਅੱਜ ਇਸ ਖੇਤਰ ਦੇ ਪਿੰਡ ਜਾਂਸਲਾ, ਜਾਂਸਲੀ, ਰਾਮਨਗਰ ਆਦਿ ਵਿੱਚ ਕਣਕ ਦੀ ਫ਼ਸਲ ਦਾ ਨਿਰੀਖ਼ਣ ਕੀਤਾ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਪੀਲੀ ਕੁੰਗੀ ਦਾ ਹਮਲਾ ਨਜ਼ਰ ਨਹੀਂ ਆਇਆ ਜਦੋਂ ਕਿ ਤੇਲੇ ਦਾ ਹਮਲਾ ਜ਼ਰੂਰ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵੇਰੇ-ਸ਼ਾਮ ਫ਼ਸਲ ਵਿੱਚ ਗੇੜਾ ਮਾਰਨ, ਜੇਕਰ ਪੀਲੀ ਕੁੰਗੀ ਦੀ ਨਿਸ਼ਾਨੀ ਨਜ਼ਰ ਆਵੇ ਤਾਂ ਤੁਰੰਤ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦਾ ਸਪਰੇਅ ਕਰਨ।

ਉਨ੍ਹਾਂ ਦੱਸਿਆ ਕਿ ਪੀਲੀ ਕੁੰਗੀ ਲਈ ਕਿਸਾਨ 200 ਗ੍ਰਾਮ ਕੈਲੀਅਟ ਜਾਂ 120 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਓਪੇਰਾ, ਟਿਲਟ, ਬੰਪਰ ਵਿੱਚੋਂ ਕਿਸੇ ਵੀ ਇੱਕ ਦਵਾਈ ਦਾ 200 ਲਿਟਰ ਪਾਣੀ ਮਿਲਾ ਕੇ ਪ੍ਰਤੀ ਏਕੜ ਛਿੜਕਾਅ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਕੁੰਗੀ ਤੋਂ ਦਵਾਈ ਨਾ ਛਿੜਕੀ ਜਾਵੇ। ਉਨ੍ਹਾਂ ਦੱਸਿਆ ਕਿ ਤਾਪਮਾਨ ਵੱਧਣ ਨਾਲ ਅਗਲੇ ਕੁਝ ਦਿਨਾਂ ਵਿੱਚ ਕੁੰਗੀ ਦਾ ਖਤਰਾ ਟਲ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune