ਕਣਕ ਦੀ ਖਰੀਦ ਅੱਜ ਤੋਂ, ਸੱਤ ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ’ਚ ਪਹੁੰਚਣ ਦੀ ਆਸ

April 10 2021

ਪੰਜਾਬ ਸਰਕਾਰ ਵੱਲੋ 10 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਤੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਣਕ ਦੀ ਸੰਭਾਲ ਲਈ 40 ਲੱਖ ਬਾਰਦਾਨੇ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ 9.40 ਲੱਖ ਮੀਟਰਿਕ ਟਨ ਕਣਕ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ 7 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਸਾਂਭ ਸੰਭਾਲ ਲਈ ਕੁੱਲ 61 ਲੱਖ ਬੋਰੀਆਂ ਬਾਰਦਾਨੇ ਦੀ ਜ਼ਰੂਰਤ ਹੈ ਅਤੇ 15 ਅਪਰੈਲ ਤੱਕ ਮੰਡੀਆਂ ਵਿਚ ਪੁੱਜਣ ਵਾਲੀ ਕਣਕ ਦੀ ਸੰਭਾਲ ਲਈ 40 ਲੱਖ ਬੋਰੀਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਬਾਰਦਾਨੇ ਦੀ ਮੰਗ ਕਰ ਲਈ ਗਈ ਹੈ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਹੈ ਕਿ ਜ਼ਿਲ੍ਹੇ ਦੀਆਂ 85 ਮੰਡੀਆਂ ਵਿਚ ਸ਼ਨੀਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚੱਲਦੇ ਖਰੀਦ ਦੇ ਦੌਰਾਨ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਦੇ ਲਈ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਬੇਵਜ੍ਹਾ ਮੰਡੀਆਂ ਵਿਚ ਇੰਤਜ਼ਾਰ ਨਾ ਕਰਨਾ ਪਵੇ ਅਤੇ ਸੁਚਾਰੂ ਤਰੀਕੇ ਦੇ ਨਾਲ ਖਰੀਦ ਨੂੰ ਸੰਪਨ ਬਣਾਇਆ ਜਾਵੇ। ਉਨ੍ਹਾਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਖਰੀਦ ਦੇ ਦੌਰਾਨ ਕੋਵਿਡ ਸਬੰਧੀ ਸਰਕਾਰ ਵਲੋਂ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਐੱਮ.ਐੱਸ.ਪੀ. 1975 ਰੁਪਏ ਪ੍ਰਤੀ ਕੁਇੰਟਲ ਫਿਕਸ ਕੀਤੀ ਗਈ ਹੈ।

ਕਿਸਾਨਾਂ ਨੂੰ 72 ਘੰਟੇ ਪਹਿਲਾਂ ਜਾਰੀ ਹੋਵੇਗਾ ਪਾਸ

ਕੰਟਰੋਲਰ (ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਅੰਮ੍ਰਿਤਸਰ) ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਕਣਕ ਦੀ ਖਰੀਦ ਸਬੰਧੀ ਸਾਰੀਆਂ ਏਜੰਸੀਆਂ ਨਾਲ ਮੀਟਿੰਗ ਕਰ ਲਈ ਗਈ ਹੈ ਅਤੇ ਮੰਡੀਆਂ ਵਿਚ ਪੁੱਜਣ ਵਾਲੀ ਕਣਕ ਦੀ ਉਸੇ ਹੀ ਦਿਨ ਲਿਫਟਿੰਗ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ 72 ਘੰਟੇ ਪਹਿਲਾਂ ਹੀ ਪਾਸ ਜਾਰੀ ਕਰ ਦਿੱਤਾ ਜਾਵੇਗਾ। ਉੁਨ੍ਹਾਂ ਕਿਹਾ ਕਿ ਕਿਸਾਨ ਜਦੋਂ ਫਸਲ ਮੰਡੀਆਂ ਵਿਚ ਲੈ ਕੇ ਆਉਣਗੇ, ਉਥੇ 30-30 ਫੁੱਟ ਦੇ ਬਾਕਸ ਉਨ੍ਹਾਂ ਨੂੰ ਆਪਣੀ ਫਸਲ ਰੱਖਣ ਲਈ ਦਿੱਤੇ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।

ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ

ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਲਾਕੇ ਦੇ ਕਿਸਾਨਾਂ ਨੇ ਮੰਡੀਆਂ ਵਿਚ ਕਣਕ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਪਰ ਆੜ੍ਹਤੀਆਂ ਵੱਲੋਂ ਹੜਤਾਲ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅੱਜ ਇਲਾਕੇ ਵਿਚ ਸਭ ਤੋਂ ਪਹਿਲਾਂ ਕਣਕ ਮਹਿੰਦਰ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਮਾਣਕੋ ਆਦਮਪੁਰ ਵਿਚ ਸਥਿਤ ਆੜ੍ਹਤੀ ਸੁਭਾਸ਼ ਚੰਦਰ ਐਂਡ ਸੰਨਜ਼ ਦੀ ਫੜ ’ਤੇ ਲੈ ਕੇ ਆਇਆ। ਇਸ ਸਬੰਧ ਵਿਚ ਆੜ੍ਹਤੀ ਵਾਸੂ ਗੁਪਤਾ, ਰਮਨ ਪੁਰੰਗ ਤੇ ਹੋਰਨਾਂ ਨੇ ਦੱਸਿਆ ਕਿ ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਨੂੰ ਲੈ ਕੇ ਪੰਜਾਬ ਦੇ ਸਾਰੇ ਆੜ੍ਹਤੀਏ ਹੜਤਾਲ ’ਤੇ ਜਾ ਰਹੇ ਹਨ ਤੇ ਉਹ ਸਰਕਾਰੀ ਖਰੀਦ ਦਾ ਬਾਈਕਾਟ ਕਰਨਗੇ। ਜਿਸ ਕਾਰਨ ਕਿਸਾਨ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸੇ ਦੌਰਾਨ ਮਕਸੂਦਾਂ ਦੇ ਕਿਸਾਨ ਨੇ ਕਿਹਾ ਕਿ ਉਸ ਦੀ ਕਣਕ ਦੀ ਫਸਲ ਤਿਆਰ ਹੈ ਪਰ ਆੜ੍ਹਤੀਆਂ ਵੱਲੋਂ ਹੜਤਾਲ ਕਾਰਨ ਉਹ ਆਪਣੀ ਫਸਲ ਮੰਡੀ ਵਿਚ ਨਹੀਂ ਲੈ ਕੇ ਜਾਣਗੇ। ਪਿੰਡ ਕਢਿਆਣਾ ਦੇ ਹਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਪਰ ਉਹ ਡਰਨ ਵਾਲੇ ਨਹੀਂ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: punjabitribuneonline