ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

April 23 2021

ਹਾੜੀ ਦੀ ਮੁੱਖ ਫ਼ਸਲ ਕਣਕ ਦਾ ਝਾੜ ਇਸ ਵਾਰ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖ਼ਰਾ ਨਾ ਉਤਰਿਆ, ਜਿਸ ਦੇ ਚਲਦਿਆਂ ਸੂਬੇ ਦੀਆਂ ਦਾਣਾ ਮੰਡੀਆ ਵਿਚੋਂ ਅਪਣੀ ਫ਼ਸਲ ਵੇਚ ਕੇ ਘਰ ਵਾਪਸ ਆਏ ਬਹੁਗਿਣਤੀ ਕਿਸਾਨਾਂ ਦੇ ਚਿਹਰਿਆਂ ਤੇ ਪਿਲੱਤਣ ਅਤੇ ਬੇਰੌਣਕੀ ਦਾ ਆਲਮ ਹੈ। ਪੰਜਾਬ ਵਿਚ ਕਣਕ ਦੀ ਕਾਸ਼ਤ ਕੀਤੀਆਂ ਜਾਣ ਵਾਲੀਆਂ ਦਰਜਨਾਂ ਕਿਸਮਾਂ ਵਿਚੋਂ ਸਿਰਫ਼ ਇਕ ਦੋ ਕਿਸਮਾਂ ਹੀ ਅਜਿਹੀਆਂ ਹਨ ਜਿਨ੍ਹਾਂ ਨੇ ਚੰਗਾ ਝਾੜ ਦਿਤਾ ਹੈ ਅਤੇ ਕਿਸਾਨਾਂ ਦੇ ਖਰਚੇ ਪੂਰੇ ਕੀਤੇ ਹਨ।

ਬਾਕੀ ਦੀਆਂ ਕਈ ਕਿਸਮਾਂ ਤਾਂ ਠੇਕੇ ਤੇ ਜ਼ਮੀਨਾਂ ਵਾਹੁਣ ਵਾਲੇ ਕਿਸਾਨਾਂ ਦੇ ਗਲੇ ਦੀ ਹੱਡੀ ਬਣ ਗਈਆਂ ਹਨ। ਪੰਜਾਬ ਵਿਚ ਮਾਰਚ ਮਹੀਨੇ ਦੌਰਾਨ ਅਚਨਚੇਤ ਪਈ ਗਰਮੀ ਕਾਰਨ ਜਿਥੇ ਕਣਕ ਦਾ ਝਾੜ ਬੇਤਹਾਸ਼ਾ ਘਟਿਆ ਹੈ ਉਥੇ ਤੂੜੀ ਵੀ ਘੱਟ ਬਣੀ ਹੈ ਕਿਉਂਕਿ ਚਾਰ-ਪੰਜ ਵਿਘਿਆਂ ਵਿਚੋਂ ਮੁਸ਼ਕਲ ਨਾਲ ਇਕ ਟਰਾਲੀ ਤੂੜੀ ਹੀ ਤਿਆਰ ਹੋ ਰਹੀ ਹੈ।

ਇਸ ਸਾਲ ਕਈ ਕਾਰੋਬਾਰੀ ਕਿਸਾਨਾਂ ਨੇ ਵੱਡੇ ਟਰੈਕਟਰ ਅਤੇ ਆਧੁਨਿਕ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਇਸ ਆਸ ਨਾਲ ਖਰੀਦੀਆਂ ਸਨ ਕਿ ਚੰਗੀ ਕਮਾਈ ਕਰਾਂਗੇ ਪਰ ਕਿਸਾਨਾਂ ਦੀ ਫ਼ਸਲ ਸਿਰਫ਼ ਕੁਦਰਤ ਦੇ ਰਹਿਮ ’ਤੇ ਨਿਰਭਰ ਹੈ ਜਿਸ ਦੇ ਚਲਦਿਆਂ ਇਨ੍ਹਾਂ ਕਾਰੋਬਾਰੀ ਕਿਸਾਨਾਂ ਦੇ ਬੁੱਲ੍ਹਾਂ ਤੇ ਵੀ ਚੁੱਪ ਪਸਰ ਗਈ ਹੈ। ਇਸ ਕਾਰਨ ਸੰਭਾਵਨਾ ਬਣ ਚੁੱਕੀ ਹੈ ਕਿ ਇਸ ਸਾਲ ਦੇ ਅਗਲੇ ਕੁੱਝ ਮਹੀਨਿਆਂ ਵਿਚ ਕਣਕ ਅਤੇ ਤੂੜੀ ਦੇ ਭਾਅ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਸਾਲ ਕਣਕ ਦੇ ਘਟੇ ਝਾੜ ਦਾ ਮੁੱਖ ਕਾਰਨ ਕਿਸਾਨਾਂ ਵਲੋਂ ਕਾਸ਼ਤ ਕੀਤੀਆਂ ਜਾ ਰਹੀਆਂ ਬਹੁਤ ਪੁਰਾਣੀਆਂ ਕਿਸਮਾਂ ਵਿਚ ਲੋੜੋਂ ਵੱਧ ਰੁਚੀ ਲੈਣ ਕਾਰਨ ਵਾਪਰਿਆ ਹੈ ਜਦ ਕਿ ਦੋ ਤਿੰਨ ਨਵੀਆਂ ਕਿਸਮਾਂ ਨੇ ਚੰਗਾ ਝਾੜ ਦਿੱਤਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: rozanaspokesman