ਔਰਤਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਧੀ

January 21 2021

26 ਜਨਵਰੀ ਨੂੰ ਗਣੰਤਤਰ ਦਿਵਸ ਮੌਕੇ ਦਿੱਲੀ ‘ਚ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਅਤੇ ਲੋਕਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਥੋਂ ਦੇ ਨਜ਼ਦੀਕੀ ਪਿੰਡ ਪਨਾਮ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਔਰਤ ਕਾਨਫਰੰਸ ਅਤੇ ਭਰਵੀਂ ਰੈਲੀ ਕੀਤੀ ਗਈ ਪਿੰਡ ਦੀਆਂ ਗਲੀਆਂ ’ਚ ਘੁੰਮ ਕੇ ਇਸਤਰੀਆਂ ਨੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਸਤਰੀ ਕਿਸਾਨ ਵਿੰਗ ਦੀ ਸੂਬਾਈ ਆਗੂ ਬੀਬੀ ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਉਟਾਲ, ਗੁਰਪ੍ਰੀਤ ਕੌਰ, ਕੁਲਵਿੰਦਰ ਚਾਹਲ, ਹਰਮੇਸ਼ ਢੇਸੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਅੱਜ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਜੋ ਕਿ ਘੁਮਾਣ ਤੋਂ ਆਰੰਭ ਹੋ ਕਿ ਵਾੜੇ, ਪੇਜੋਚੱਕ, ਕਿਸ਼ਨਕੋਟ, ਨੂਰਪੁਰ, ਮਚਰਾਵਾਂ,ਤੋਂ ਹੋ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਇਹ ਟਰੈਕਟਰ ਮਾਰਚ ਆਪਣੇ ਪੜਾਅ ਵੱਲ ਅੱਗੇ ਵਧਦਿਆਂ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਇਸ ਮਾਰਚ ਦਾ ਸੁਆਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਹ ਮਾਰਚ ਸ੍ਰੀ ਹਰਗੋਬਿੰਦਪੁਰ ਤੋਂ ਹੁੰਦਾ ਹੋਇਆ ਉਧਨਵਾਲ, ਭਗਤੂਪੁਰ,ਪੰਡੋਰੀ, ਆਦਿ ਤੋਂ ਹੁੰਦਾ ਹੋਇਆ ਘੁਮਾਣ ਵਿਚ ਸਮਾਪਤ ਹੋਇਆ।

ਸਾਂਝਾ ਕਿਸਾਨ ਮੋਰਚਾ ਵਲੋਂ ਅੱਜ ਪਿਸ਼ੌਰਾ ਸਿੰਘ ਘੁਮਾਣ ਦੀ ਅਗਵਾਈ ਹੇਠ ਖੇਤੀ ਬਿੱਲਾਂ ਵਿਰੁਧ ਟਰੈਕਟਰ ਮਾਰਚ ਆਯੋਜਿਤ ਕੀਤਾ ਗਿਆ। ਟਰੈਕਟਰ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਮੈਦਾਨ ਤੋਂ ਸ਼ੁਰੂ ਹੋ ਕੇ ਕਸਬੇ ਦੇ ਬਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਹਰਗੋਬਿੰਦਪੁਰ, ਊਧਨਵਾਲ ਤੋਂ ਵਾਪਸ ਘੁਮਾਣ ਪਹੁੰਚਿਆ।

ਵੱਖ ਵੱਖ ਥਾਵਾਂ ਤੋਂ ਜਥੇ ਦਿੱਲੀ ਰਵਾਨਾ

ਸਰਹੱਦੀ ਪਿੰਡਾਂ ਦੇ ਕਿਸਾਨਾਂ ਦਾ 24ਵਾਂ ਜਥਾ ਅੱਜ ਅਟਾਰੀ ਤੋਂ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਸਬੰਧੀ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਦਿਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅੱਜ ਸਰਹੱਦੀ ਪਿੰਡਾਂ ਦੇ ਕਿਸਾਨਾਂ ਦਾ ਜਥਾ ਭੇਜਿਆ ਗਿਆ ਹੈ।

ਮਾਝੇ ਦੇ ਇਤਿਹਾਸਕ ਨਗਰ ਪਹੂਵਿੰਡ ਤੋਂ ਅੱਜ ਟਰੈਕਟਰਾਂ ਦਾ ਕਾਫਲਾ ਦਿੱਲੀ ਲਈ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਗੁਰਸਾਹਿਬ ਸਿੰਘ ਪਹੂਵਿੰਡ ਨੇ ਕਿਹਾ ਕਿ ਟਰੈਕਟਰ ਰੈਲੀ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ।

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਦਿੱਲੀ ਦੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨ ਦੇ ਦਿੱਤੇ ਸੱਦੇ ਤਹਿਤ ਸਥਾਨਕ ਕਸਬੇ ਤੋਂ ਕਿਸਾਨਾਂ ਦਾ ਇਕ ਜਥਾ ਰਵਾਨਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਦੇਵ ਸਿੰਘ ਨਿੱਕਾ ਅਤੇ ਸਕੱਤਰ ਮਨੋਹਰ ਸਿੰਘ ਨੇ ਦੱਸਿਆ ਉਨ੍ਹਾਂ ਦੇ ਕਸਬੇ ਤੋਂ ਅੱਜ 5 ਪੰਜਵਾਂ ਜਥਾ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune