ਉਗਰਾਹਾਂ ਧੜੇ ਵੱਲੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

February 03 2021

ਅੱਜ ਦਾਣਾ ਮੰਡੀ ਕਿੱਲਿਆਂਵਾਲੀ ਤੋਂ ਭਾਕਿਯੂ (ਏਕਤਾ) ਉਗਰਾਹਾਂ ਨੇ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚੋਂ ਕਰੀਬ 200 ਕਿਸਾਨਾਂ ਦੇ ਕਾਫ਼ਲੇ ਨੂੰ 17 ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਰਵਾਨਾ ਕੀਤਾ। ਬਲਾਕ ਮੀਤ ਪ੍ਰਧਾਨ ਡਾ. ਹਰਪਾਲ ਸਿੰਘ ਕਿੱਲਿਆਂਵਾਲੀ ਅਤੇ ਜਗਦੀਪ ਸਿੰਘ ਖੁੱਡੀਆਂ ਨੇ ਦੱਸਿਆ ਕਿ ਕੇਂਦਰ ਹਕੂਮਤ ਫਿਰਕੂ ਪੈਂਤੜੇ ਖੇਡ ਕੇ ਇਹ ਸਮਝ ਰਹੀ ਸੀ ਕਿ ਕਿਸਾਨ ਮੋਰਚਿਆਂ ਨੂੰ ਖਿੰਡਾ ਦਿੱਤਾ ਜਾਵੇਗਾ, ਪਰ ਕਿਸਾਨ ਇਨ੍ਹਾਂ ਹੱਲਿਆਂ ਦਾ ਜਵਾਬ ਹੋਰ ਵੀ ਤਕੜੇ ਅਤੇ ਸੰਗਠਤ ਹੋ ਕੇ ਦੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਲੰਬੀ ਬਲਾਕ ਦੇ 17 ਪਿੰਡਾਂ ਆਧਨੀਆਂ, ਚੰਨੂੰ, ਲਾਲਬਾਈ, ਪੰਜਾਵਾ, ਸਿੱਖਵਾਲਾ, ਕਿੱਲਿਆਂਵਾਲੀ, ਮਾਹੂਆਣਾ, ਸਹਿਣਾਖੇੜਾ, ਘੁਮਿਆਰਾ, ਲੁਹਾਰਾ, ਫੱਤਾਕੇਰਾ, ਫਤੂਹੀ ਵਾਲਾ, ਭਾਗੂ, ਭੀਟੀਵਾਲਾ, ਫਤੂਹੀ ਖੇੜਾ, ਖਿਓਵਾਲੀ ਅਤੇ ਮਹਿਣਾ ਵਿੱਚੋਂ ਪ੍ਰਤੀ ਪਿੰਡ 10 ਤੋਂ 15 ਕਿਸਾਨ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਤੁਰੇ ਹਨ। ਕਿਸਾਨੀ ਕਾਫ਼ਲੇ ਦੀ ਰਵਾਨਗੀ ਸਮੇਂ ਚਾਹ ਦਾ ਲੰਗਰ ਵੜਿੰਗ ਖੇੜਾ ਦੇ ਕਿਸਾਨਾਂ ਵੱਲੋਂ ਲਗਾਇਆ ਗਿਆ। ਇਸ ਮੌਕੇ ਸੁਖਬੀਰ ਵੜਿੰਗ ਖੇੜਾ, ਦਲਜੀਤ ਮਿੱਠੜੀ, ਨਾਇਬ ਸਿੰਘ ਨੈਬ, ਹਰਭਗਵਾਨ ਮਹਿਣਾ, ਪ੍ਰਕਾਸ਼ ਚੰਦ, ਦਿਲਾਵਰ ਸਿੰਘ ਅਤੇ ਜਗਤਾਰ ਸਿੰਘ ਮੌਜੂਦ ਸਨ।

ਜ਼ੀਰਾ ਤੋਂ ਮੋਟਰਸਾਈਕਲ ਰੈਲੀ ਕੱਢੀ

ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਇੱਥੋਂ ਵੱਖ-ਵੱਖ ਪਿੰਡਾਂ ਵਿੱਚ ਮੋਟਰਸਾਈਕਲ ਕਾਫ਼ਲਾ ਕੱਢਿਆ ਗਿਆ। ਇਹ ਕਾਫ਼ਲਾ ਜ਼ੀਰਾ ਤੋਂ ਸ਼ੁਰੂ ਹੋ ਕੇ ਸੁੱਖੇਵਾਲਾ, ਰਟੌਲਬੇਟ, ਝਤਰਾ, ਵਾੜਾਚੈਨ ਸਿੰਘ ਵਾਲਾ, ਲੌਂਗੋਦੇਵਾ, ਪੰਡੋਰੀ ਖੱਤਰੀਆਂ, ਮਨਸੂਰਵਾਲ ਕਲਾਂ, ਸਨ੍ਹੇਰ, ਬੰਡਾਲਾ ਪੁਰਾਣਾ, ਲਹਿਰਾ ਰੋਹੀ, ਗਾਦੜ੍ਹੀਵਾਲਾ ਅਤੇ ਨਵਾਂ ਜ਼ੀਰਾ ਤੋਂ ਹੁੰਦਾ ਹੋਇਆ ਵਾਪਸ ਜ਼ੀਰਾ ਪੁੱਜ ਕੇ ਸਮਾਪਤ ਹੋਇਆ।

ਪਿੰਡਾਂ ’ਚ ਮੋਟਰਸਾਈਕਲ ਮਾਰਚ

ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਅੰਦੋਲਨ ਦੌਰਾਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਤੇ ਪੱਤਰਕਾਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਪਿੰਡ ਕਰੀਵਾਲਾ ਤੋਂ ਜੀਵਨ ਨਗਰ ਤੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮੋਟਰਸਾਈਕਲ ਮਾਰਚ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਜੀਵਨ ਨਗਰ ਪੁੱਜਾ ਮੋਟਰਸਾਈਕਲ ਮਾਰਚ ਇੱਕ ਵੱਡੇ ਜਲਸੇ ’ਚ ਤਬਦੀਲ ਹੋ ਗਿਆ। ਜਲਸੇ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਦੇ ਗੁੰਡਿਆਂ ਵੱਲੋਂ ਸਿੰਘੂ ਤੇ ਟਿਕਰੀ ਬਾਰਡਰ ’ਤੇ ਅਫਰਾ-ਤਫਰੀ ਫੈਲਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਪੇਸ਼ ਕੀਤੇ ਗਏ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਇਸ ਮੌਕੇ ਡਾ. ਸੁਖਦੇਵ ਸਿੰਘ ਜੰਮੂ, ਬਲਰਾਜ ਬਣੀ, ਗੁਰਚਰਨ ਸਿੰਘ, ਕੁਲਦੀਪ ਸਿੰਘ ਤੇ ਗੁਰਦੀਪ ਸਿੰਘ ਧਰਮਪੁਰਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune