ਇਸ ਸਾਲ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕਰੇਗਾ ਪੰਜਾਬ

May 15 2022

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਸਾਲ ਪੰਜਾਬ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕਰੇਗਾ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫਸਲ ਲਈ ਐਮਐਸਪੀ ਦੇ ਹਾਲ ਹੀ ਦੇ ਐਲਾਨ ਤੋਂ ਖੁਸ਼ ਹੋ ਕੇ ਪੰਜਾਬ ਦੇ ਕਿਸਾਨ ਗਰਮੀਆਂ ਵਿਚ ਮੂੰਗੀ ਦੀ ਕਾਸ਼ਤ ਕਰ ਰਹੇ ਹਨ, ਜਿਸ ਨਾਲ ਸੂਬੇ ਵਿਚ ਇਸ ਦੀ ਬਿਜਾਈ ਦੇ ਰਕਬੇ ਵਿਚ ਰਿਕਾਰਡ 77% ਵਾਧਾ ਹੋਇਆ ਹੈ, ਜੋ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਵੱਧ ਹੈ।
ਇਸ ਸਬੰਧੀ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਇਹ ਸਭ ਕਿਸਾਨ ਵੀਰਾਂ ਦੀ ਮਿਹਨਤ ਦਾ ਫ਼ਲ ਹੈ। ਅੱਜ ਤੱਕ ਕਿਸਾਨਾਂ ਨੂੰ ਕਿਸੇ ਸਰਕਾਰ ਨੇ ਫ਼ਸਲੀ ਬਦਲ ਦਿੱਤਾ ਹੀ ਨਹੀਂ। ਅਸੀਂ ਮੂੰਗੀ ‘ਤੇ ਐਮਐਸਪੀ ਦਿੱਤੀ ਤਾਂ ਜੋ ਫ਼ਸਲੀ ਬਦਲ ਨਾਲ ਪੰਜਾਬ ਅਤੇ ਸਾਡਾ ਪਾਣੀ ਦੋਵੇਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਣ”।
ਖੇਤੀਬਾੜੀ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ 9 ਮਈ ਤੱਕ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਭਰ ਵਿਚ ਇਸ ਸੀਜ਼ਨ ਵਿਚ ਕੁੱਲ 38,900 ਹੈਕਟੇਅਰ ਜਾਂ ਲਗਭਗ 97,000 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋ ਰਹੀ ਹੈ। ਪਿਛਲੀ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਵਿਚ ਇਹ 22,000 ਹੈਕਟੇਅਰ (55,000) ਏਕੜ ਸੀ। ਅਧਿਕਾਰਤ ਅੰਕੜਿਆਂ ਅਨੁਸਾਰ ਮਾਨਸਾ 10,000 ਹੈਕਟੇਅਰ ਮੂੰਗੀ ਦੀ ਕਾਸ਼ਤ ਦੇ ਨਾਲ ਚਾਰਟ ਵਿਚ ਸਿਖਰ ਤੇ ਹੈ। ਇਸ ਤੋਂ ਬਾਅਦ ਮੋਗਾ ਦੂਜੇ (5,000 ਹੈਕਟੇਅਰ) ਅਤੇ ਲੁਧਿਆਣਾ (4,000 ਹੈਕਟੇਅਰ) ਤੀਜੇ ਨੰਬਰ ’ਤੇ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Rozana Spokesman