ਆਲੂ ਨੂੰ ਗ੍ਰੀਨ ਮਿਸ਼ਨ ਚ ਸ਼ਾਮਲ ਕਰਨ ਲਈ ਕੈਪਟਨ ਨੇ ਲਿਖਿਆ ਹਰਸਿਮਰਤ ਨੂੰ ਪੱਤਰ

March 12 2019

ਦੇਸ਼ ਭਰ ਚੋਂ ਖੇਤੀ ਉਤਪਾਦਨ ਚ 7ਵਾਂ ਸਥਾਨ ਰੱਖਣ ਵਾਲਾ ਸੂਬਾ ਪੰਜਾਬ ਆਲੂਆਂ ਦੇ ਉਤਪਾਦਨ ਚ ਵੀ 6ਵੇਂ ਸਥਾਨ ਤੇ ਹੈ। ਆਲੂ ਪਾਲਕਾਂ ਨੂੰ ਇਸ ਦੇ ਚੰਗੇ ਭਾਅ ਨਾ ਮਿਲਣ ਕਾਰਨ ਜਿੱਥੇ ਸੜਕ ਤੇ ਸੁੱਟਣੇ ਪੈ ਰਹੇ ਹਨ, ਉਥੇ ਹੀ ਇਨ੍ਹਾਂ ਨੂੰ ਇਸ ਵਾਰ ਝੁਲਸ ਰੋਗ ਅਤੇ ਮੀਂਹ ਦੀ ਵੱਡੀ ਮਾਰ ਪਈ ਹੈ। ਆਲੂਆਂ ਦੀ ਮਾਰ ਨੇ ਆਲੂ ਪਾਲਕਾਂ ਦੇ ਮਨ ਖੱਟੇ ਕਰ ਦਿੱਤੇ ਹਨ, ਜਿਸ ਕਾਰਨ ਪੀੜਤ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਦਿੱਲੀ ਦਰਬਾਰ ਪਹੁੰਚਾ ਦਿੱਤੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਸੂਬੇ ਦੇ ਆਲੂਆਂ ਨੂੰ ਭਾਰਤ ਸਰਕਾਰ ਦੇ ਅਪ੍ਰੇਸ਼ਨ ਗਰੀਨ ਮਿਸ਼ਨ ਯੋਜਨਾ ਚ ਸ਼ਾਮਲ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰੰਘ ਪੰਜਾਬ ਦੇ ਆਲੂ ਉਤਪਾਦਕਾਂ ਦਾ ਇਹ ਦਰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੱਸਣਗੇ। 

ਜ਼ਿਕਰਯੋਗ ਹੈ ਕਿ ਅਪ੍ਰੇਸ਼ਨ ਗਰੀਨ ਮਿਸ਼ਨ ਯੋਜਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਚ ਸ਼ੁਰੂ ਕੀਤਾ ਸੀ, ਜਿਸ ਦਾ ਮੰਤਵ ਕਿਸਾਨਾਂ ਦੀ ਹਾਲਤ ਸੁਧਾਰਨਾ ਹੈ। ਇਸ ਯੋਜਨਾ ਦੇ ਤਹਿਤ ਉਹ ਆਪਣੀ ਫਸਲ ਦਾ ਆਨਲਾਈਨ ਖੇਤੀ ਕੇਂਦਰ ਚ ਮੰਡੀਕਰਨ ਕਰ ਸਕਣਗੇ। ਫਿਲਹਾਲ ਇਸ ਯੋਜਨਾ ਚ ਟਮਾਟਰ ਅਤੇ ਪਿਆਜ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਿਸ ਚ ਆਲੂ ਸ਼ਾਮਲ ਨਹੀਂ ਹੈ। ਕਿਸਾਨਾਂ ਨੂੰ ਅਜਿਹੀ ਫਸਲ ਵੇਚਣ ਚ ਕੋਈ ਮੁਸ਼ਕਲ ਨਾ ਆਵੇ, ਇਸ ਦੇ ਲਈ ਭਾਰਤ ਸਰਕਾਰ ਵਲੋਂ ਦੇਸ਼ ਭਰ ਚ 470 ਆਨਲਾਈਨ ਖੇਤੀ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani