ਆਰਡੀਨੈਂਸ: ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰੇ

September 04 2020

ਇੱਥੇ 1 ਤੋ 5 ਸਤੰਬਰ ਤੱਕ ਸੀਟੂ ਵੱਲੋਂ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੇ ਆਰਡੀਨੈਂਸਾਂ ਵਿਰੁੱਧ ਕੀਤਾ ਜਾ ਰਿਹਾ ਪੈਦਲ ਰੋਸ ਮਾਰਚ, ਅੱਜ ਤੀਜੇ ਦਿਨ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਅਤੇ ਸੂਬਾਈ ਆਗੂ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਪਿੰਡ ਨੂਰਪੁਰਾ ਤੋਂ ਸ਼ੁਰੂ ਕਰਕੇ ਬਰਮੀ, ਲਿੱਤਰਾਂ ਪਿੰਡਾਂ ਵਿੱਚੋਂ ਹੁੰਦੇ ਹੋਏ ਬੁਰਜ ਲਿੱਟਾਂ ਵਿੱਚ ਸਮਾਪਤ ਹੋਇਆ। ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਮਜ਼ਦੂਰਾਂ ਦੇ ਹੱਕਾਂ ਦਾ ਘਾਣ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜ਼ਰੂਰੀ ਹੱਕਾਂ ਨੂੰ ਖਤਮ ਕਰਨ ’ਤੇ ਤੁਲੀਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਪੈਦਲ ਮਾਰਚ ਦੌਰਾਨ ਨਾਅਰੇਬਾਜ਼ੀ ਕੀਤੀ ਗਈ ਤੇ ਇਹ ਰੋਸ ਮਾਰਚ 5 ਸਤੰਬਰ ਤੱਕ ਜਾਰੀ ਰਹੇਗਾ।

ਗੁਰੂਸਰ ਸੁਧਾਰ(ਸੰਤੋਖ ਗਿੱਲ): ਬਿਜਲੀ ਕਾਨੂੰਨ 2020 ਅਤੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 14 ਸਤੰਬਰ ਨੂੰ ਬਰਨਾਲਾ ਵਿਚ ਹੋਣ ਵਾਲੀ ਖੇਤਰੀ ਰੈਲੀ ਲਈ ਬਲਾਕ ਸੁਧਾਰ ਦੇ ਅੱਧੀ ਦਰਜਨ ਤੋਂ ਵਧੇਰੇ ਪਿੰਡਾਂ ਵਿਚ ਮੁਹਿੰਮ ਚਲਾਈ ਗਈ। ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਰਬਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਐਤੀਆਣਾ, ਸੁਧਾਰ, ਤੁਗਲ, ਸਹੌਲੀ, ਟੂਸੇ, ਹਲਵਾਰਾ, ਨੂਰਪੁਰਾ ਤੋਂ ਇਲਾਵਾ ਹੋਰ ਪਿੰਡਾਂ ਵਿਚ ਰੈਲੀਆਂ ਕੀਤੀ ਗਈਆਂ। ਕਿਸਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸੰਘ ਪਰਿਵਾਰ ਦੀ ਭਾਜਪਾ ਹਕੂਮਤ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਕੇ ਖੇਤੀ ਅਤੇ ਜ਼ਮੀਨਾਂ ਤੋਂ ਕਿਸਾਨਾਂ ਨੂੰ ਬੇਦਖ਼ਲ ਕਰਨ ਲਈ ਕਾਹਲੀ ਪਈ ਹੋਈ ਹੈ। ਵਪਾਰੀਆਂ ਦੀ ਪਹਿਲਾਂ ਜਾਰੀ ਲੁੱਟ ਨੂੰ ਹੋਰ ਤਿੱਖੀ ਕਰਨ ਲਈ ਤਿੰਨ ਆਰਡੀਨੈਂਸ ਲਿਆਂਦੇ ਗਏ ਹਨ, ਜਿਹੜੇ ਹੁਣੇ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਪੱਕੇ ਕਾਨੂੰਨ ਬਣਨ ਜਾ ਰਹੇ ਹਨ। ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰਨ, ਬਿਜਲੀ ਸਬਸਿਡੀ ਦਾ ਭੋਗ ਪਾਉਣ ਵਿਰੁੱਧ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਸਿਫ਼ਾਰਸ਼ਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੂੰ ਤਿੱਖੇ ਘੋਲ ਲਈ ਤਿਆਰੀ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਜਤਿੰਦਰ ਸਿੰਘ ਜੋਤੀ, ਬਲਰਾਜ ਸਿੰਘ ਬਿੱਟੂ, ਗੁਰਮੇਲ ਸਿੰਘ ਨੂਰਪੁਰਾ, ਤੇਜਪਾਲ ਸਹੌਲੀ ਅਤੇ ਕੁਲਦੀਪ ਸਿੰਘ ਟੂਸੇ ਨੇ ਵੀ ਸੰਬੋਧਨ ਕੀਤਾ।

ਬੀਕੇਯੂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਗੁਰਦੀਪ ਸਿੰਘ ਜੀਰਖ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਲੋਕਾਂ ਉੱਪਰ ਪਾਬੰਦੀਆਂ ਲਾਈਆ ਜਾ ਰਹੀਆਂ ਹਨ। ਪਿੰਡਾਂ ਵਿੱਚ ਪੰਚਾਇਤਾਂ,ਆਂਗਣਵਾੜੀ ਵਰਕਰਾਂ ਰਾਹੀਂ ਮਰੀਜ਼ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਘੁਡਾਣੀ ਨੇ ਕਿਹਾ ਕਿ ਹੁਣ ਹਰੇਕ ਮਹਿਕਮੇ ਵਲੋਂ ਵੀ ਕਰੋਨਾ ਟੈਸਟ ਕਰਵਾਉਣ ਲਈ ਫਰਦ ਕੇਂਦਰ ਤੇ ਲਾਇਸੈਂਸ ਆਦਿ ਬਨਾਉਣ ’ਤੇ ਵੀ ਜੋ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਕਿ ਪਹਿਲਾਂ ਟੈਸਟ ਕਰਾਓ ਫਿਰ ਕੰਮ ਕਰਾਓ ਨਾਲ ਜਨਤਾ ਨੂੰ ਮਜਬੂਰ ਕਰਨ ਵਾਲੀ ਨੀਤੀ ਲਾਗੂ ਨਾ ਕਰੋ ਜਿਸ ਨਾਲ ਕਿਸਾਨ ਆਪਣੇ ਕੰਮਾਕਾਰਾਂ ਲਈ ਲੋੜੀਦੇ ਕਾਗਜ਼ ਪੱਤਰ ਲੈਣ ਵੀ ਨਹੀਂ ਜਾ ਰਿਹਾ। ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਆਮ ਜਨਤਾ ਲਈ ਟੈਸਟ ਮਜਬੂਰ ਕਰਨ ਵਾਲਾ ਫਾਰਮੂਲਾ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਖੇਤੀ ਖੇਤਰ ਦੇ ਕਾਰਜਾਂ ਨੂੰ ਨਿਰਵਿਘਨ ਕਰ ਸਕਣ ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune