ਅੰਤਰਾਸ਼ਟਰੀ ਹਸਤੀਆਂ ਵਲੋਂ ਸਮਰਥਨ ਮਿਲਣ ਤੇ ਕਿਸਾਨ ਏਕਤਾ ਮੋਰਚਾ ਨੇ ਕੀਤਾ ਧੰਨਵਾਦ, ਪਰ ਇੱਕ ਗੱਲ ਨੇ ਕੀਤਾ ਦੁੱਖੀ

February 04 2021

ਕਿਸਾਨੀ ਅੰਦੋਲਨ ਨੂੰ ਹੁਣ ਸਿਰਫ ਦੇਸ਼ ਚੋਂ ਹੀ ਨਹੀਂ ਸਗੋਂ ਅੰਤਰਾਸ਼ਟਰੀ ਮਸ਼ਹੂਰ ਹਸਤੀਆਂ ਵਲੋਂ ਵੀ ਸਮਰਥਨ ਮਿਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਨ੍ਹਾਂ ਹਸਤੀਆਂ ਵਲੋਂ ਦਿੱਤੇ ਗਏ ਸਮਰਥਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਹ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਦੀਆਂ ਨਾਮਵਰ ਸ਼ਖਸੀਅਤਾਂ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾ ਰਹੀਆਂ ਹਨ, ਦੂਜੇ ਪਾਸੇ ਇਹ ਮੰਦਭਾਗੀ ਗੱਲ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੇ ਦਰਦ ਨੂੰ ਨਹੀਂ ਸਮਝ ਰਹੀ ਅਤੇ ਕੁਝ ਲੋਕ ਤਾਂ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਅੱਤਵਾਦੀ ਦੱਸ ਰਹੇ ਹਨ।

ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਆਉਣਗੇ। ਰਾਜਸਥਾਨ ਅਤੇ ਪੰਜਾਬ ਦੇ ਕਿਸਾਨ ਸ਼ਾਹਜਹਾਂਪੁਰ ਮੋਰਚੇ ਤੇ ਲਗਾਤਾਰ ਪਹੁੰਚ ਰਹੇ ਹਨ। ਸਰਕਾਰ ਅਤੇ ਪੁਲਿਸ ਦੇ ਅੱਤਿਆਚਾਰਾਂ ਤੋਂ ਬਾਅਦ ਕਿਸਾਨਾਂ ਨੇ ਪਲਵਲ ਸਰਹੱਦ ਤੇ ਫਿਰ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਕਿਸਾਨ ਇਸ ਜਗ੍ਹਾ ਤੇ ਪਹੁੰਚਣਗੇ।

ਉਨ੍ਹਾਂ ਕਿਹਾ ਕਿ ਅਸੀਂ ਪੱਤਰਕਾਰਾਂ ਦੇ ਸਿੰਘੂ ਧਰਨੇ ਵਿਚ ਦਾਖਲੇ ਨੂੰ ਰੋਕਣ ਲਈ ਕੀਤੀ ਗਈ ਪੁਲਿਸ ਕਾਰਵਾਈ ਦੀ ਨਿੰਦਾ ਕਰਦੇ ਹਾਂ।  ਸਰਕਾਰ ਪਹਿਲਾਂ ਹੀ ਇੰਟਰਨੈਟ ਬੰਦ ਕਰ ਚੁੱਕੀ ਹੈ ਅਤੇ ਹੁਣ ਸਰਕਾਰ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਮੀਡੀਆ ਵਾਲਿਆਂ ਦੇ ਦਾਖਲੇ ਅਤੇ ਕਵਰੇਜ ਨੂੰ ਵੀ ਰੋਕ ਰਹੀ ਹੈ।  ਸਰਕਾਰ ਇਸ ਅੰਦੋਲਨ ਦੀ ਅਸਲੀਅਤ ਨੂੰ ਦੇਸ਼ ਭਰ ਵਿੱਚ ਆਮ ਲੋਕਾਂ ਤੱਕ ਪਹੁੰਚਣ ਤੋਂ ਡਰਦੀ ਹੈ ਅਤੇ ਵਿਰੋਧ ਥਾਵਾਂ ਤੋਂ ਸੰਚਾਰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

ਇਹ ਸਭ ਕਰ ਕੇ ਸਰਕਾਰ ਆਪਣਾ ਕਿਸਾਨ ਵਿਰੋਧੀ ਪ੍ਰਚਾਰ ਫੈਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸਾਨ ਕਿਸੇ ਕੀਮਤ ‘ਤੇ ਨਹੀਂ ਹੋਣ ਦੇਣਗੇ।  ਜ਼ਰੂਰਤ ਹੈ ਕਿ ਇੰਟਰਨੈਟ ਸੇਵਾਵਾਂ ਨੂੰ ਬਹਾਲ ਕੀਤਾ ਜਾਵੇ, ਮੁੱਖ ਅਤੇ ਅੰਦਰੂਨੀ ਸੜਕਾਂ ਦਾ ਬੈਰੀਕੇਡਿੰਗ ਹਟਾਈ ਜਾਵੇ, ਸਪਲਾਈ ਦੀ ਖੁਲੇ ਤੌਰ ਤੇ ਆਗਿਆ ਦਿੱਤੀ ਜਾਵੇ, ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕੀਤਾ ਜਾਵੇ, ਸੰਗਠਿਤ ਭੀੜ ਦੁਆਰਾ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਕੀਤੇ ਗਏ ਹਮਲੇ ਸਰਕਾਰ ਦੁਆਰਾ ਤੁਰੰਤ ਰੋਕ ਦਿੱਤੇ ਜਾਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live