ਅਪ੍ਰੈਲ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ

April 13 2021

ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮਿਲੀਆਂ ਛੋਟਾਂ ਤਹਿਤ ਖੇਤਾਂ ’ਚ ਕੰਮ ਕਰੋ ਤੇ ਕਾਮਿਆਂ ਨੂੰ ਵੀ 2 ਮੀਟਰ ਦੀ ਦੂਰੀ ’ਤੇ ਕੰਮ ਕਰਨ ਲਈ ਕਹੋ। ਤਿਆਰ ਪੈਦਾਵਾਰ ਦੀ ਤੁੜਾਈ ਤੋਂ ਲੈ ਕੇ ਮੰਡੀਕਰਨ ਤਕ ਸਾਫ਼-ਸਫ਼ਾਈ ਰੱਖੋ।

ਅਪ੍ਰੈਲ ਮਹੀਨੇ ਮੌਸਮ ’ਚ ਕਾਫ਼ੀ ਤਬਦੀਲੀ ਆਉਦੀ ਹੈ। ਜਿੱਥੇ ਇਸ ਮਹੀਨੇ ਬੂਟਿਆਂ ਦੀ ਨਵੀਂ ਪੁੰਗਾਰ ’ਚ ਵਾਧਾ ਹੁੰਦਾ ਹੈ, ਉੱਥੇ ਹੀ ਕੀੜੇ-ਮਕੌੜਿਆਂ ਦੇ ਹਮਲੇ ’ਚ ਵੀ ਵਾਧਾ ਹੁੰਦਾ ਹੈ। ਇਸ ਮਹੀਨੇ ’ਚ ਪਹਿਲਾਂ ਲਾਏ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਸੰਭਾਲ, ਅਗੇਤੀਆਂ ਸਬਜ਼ੀਆਂ ਦੀ ਤੁੜਾਈ, ਗਰਮੀ ਰੁੱਤ ਦੇ ਫੁੱਲ ਲਾਉਣ, ਸਜਾਵਟੀ ਪੌਦਿਆਂ ਦੀ ਸੰਭਾਲ, ਸ਼ਹਿਦ ਮੱਖੀ ਦੇ ਬਕਸਿਆਂ ਦੀ ਸੰਭਾਲ ਤੇ ਗਰਮੀ ਰੁੱੱਤ ਦੀਆਂ ਖੁੰਬਾਂ ਦੀ ਕਾਸ਼ਤ ਲਈ ਤਿਆਰੀ ਅਹਿਮ ਕੰਮ ਹਨ।

ਸਦਾਬਹਾਰ ਫ਼ਲਦਾਰ ਬੂਟਿਆਂ ਦੀ ਸੰਭਾਲ

ਇਸ ਮਹੀਨੇ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਸੋਕੇ ਤੇ ਜ਼ਿਆਦਾ ਗਰਮੀ ਤੋਂ ਬਚਾਅ ਲਈ ਨਵੇਂ ਲਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਤੇ ਹੇਠਾਂ ਵਾਲੇ ਭਾਗ ’ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ। ਨਾਸ਼ਪਾਤੀ ਦੇ 10 ਸਾਲ ਤੋਂ ਉੱਪਰ ਉਮਰ ਦੇ ਬੂਟਿਆਂ ਨੂੰ ਇਸ ਮਹੀਨੇ ਦੇ ਅੱਧ ’ਚ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾ ਦਿਓ। ਛੋਟੇ ਬੂਟਿਆਂ ਨੂੰ ਪ੍ਰਤੀ ਸਾਲ ਦੇ ਹਿਸਾਬ ਨਾਲ ਇਹ ਮਾਤਰਾ 100 ਗ੍ਰਾਮ ਪ੍ਰਤੀ ਬੂਟਾ ਰੱੱਖੋ।

ਅੰਗੂਰਾਂ ਦੇ ਕੋਹੜ ਦੀ ਰੋਕਥਾਮ ਲਈ 1 ਗ੍ਰਾਮ ਬਾਵਿਸਟਨ ਦਵਾਈ ਤੇ ਚਿੱੱਟੀ ਧੂੜੇਦਾਰ ਉੱਲੀ ਦੀ ਰੋਕਥਾਮ ਲਈ 0.4 ਗ੍ਰਾਮ ਬੈਲੇਟਾਨ ਜਾਂ ਟੋਪਾਜ਼ ਦਵਾਈ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਆੜੂ ਦੇ ਪੱੱਤੇ ਵੀ ਇਸ ਮਹੀਨੇ ਤੇਲੇ ਦੇ ਹਮਲੇ ਕਾਰਨ ਇਕੱਠੇ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਗੰਭੀਰ ਹਮਲੇ ਦੀ ਮਾਰ ਹੇਠ ਆਏ ਪੱਤਿਆਂ ਨੂੰ ਤੋੜ ਕੇ ਨਸ਼ਟ ਕਰ ਦਿਉ। ਆੜੂ ਤੇ ਅਲੂਚਾ ਦੇ ਵਧੀਆ ਆਕਾਰ ਦੇ ਫ਼ਲ ਲੈਣ ਲਈ ਇਨ੍ਹਾਂ ਨੂੰ ਵਿਰਲੇ ਕਰਨ ਲਈ ਫ਼ਲਾਂ ਵਿਚਕਾਰ 10-15 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਵਿਚਲੇ ਫ਼ਲ ਪਹਿਲੇ ਹਫ਼ਤੇ ਤਕ ਤੋੜ ਦਿਓ। ਇਨ੍ਹਾਂ ਫ਼ਲਾਂ ਦੇ ਵਾਧੇ ਨੂੰ ਵੇਖਦਿਆਂ 3-4 ਦਿਨਾਂ ਦੇ ਵਕਫ਼ੇ ’ਤੇ ਸਿੰਚਾਈ ਕਰਦੇ ਰਹੋ। ਫ਼ਲ ਦੀ ਮੱਖੀ ਤੋਂ ਬਚਾਅ ਲਈ ਪੀਏਯੂ ਫਰੂਟ ਫਲਾਈ ਟਰੈਪ ਦਾ ਇੰਤਜ਼ਾਮ ਕਰ ਕੇ ਰੱੱਖੋ ਤਾਂ ਜੋ ਅਲੂਚੇ ’ਚ ਇਸ ਮਹੀਨੇ ਦੇ ਅਖੀਰਲੇ ਹਫ਼ਤੇ ਤੇ ਆੜੂ ’ਚ ਮਈ ਦੇ ਪਹਿਲੇ ਹਫ਼ਤੇ ਲਾਏ ਜਾ ਸਕਣ।

ਨਿੰਬੂ ਜਾਤੀ ਬੂਟਿਆਂ ’ਤੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 0.4 ਮਿਲੀਲੀਟਰ ਕਰੋਕੋਡਾਈਲ ਜਾਂ ਕਨਫੀਡੋਰ 17.8 ਤਾਕਤ ਜਾਂ 0.3 ਗ੍ਰਾਮ ਐਕਟਾਰਾ 25 ਤਾਕਤ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।

ਸੁਰੰਗੀ ਕੀੜੇ ਦੇ ਹਮਲੇ ਨੂੰ ਰੋਕਣ ਲਈ 0.4 ਮਿਲੀਲੀਟਰ ਕਰੋਕੋਡਾਈਲ ਜਾਂ ਕਨਫੀਡੋਰ 17.8 ਤਾਕਤ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਜ਼ਿੰਕ ਦੀ ਘਾਟ ਦੂਰ ਕਰਨ ਲਈ 3 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।

ਅਮਰੂਦ ’ਚ ਫ਼ਲ ਦੀ ਮੱਖੀ ਦੇ ਹਮਲੇ ਕਾਰਨ ਗਰਮੀਆਂ ਦਾ ਫ਼ਲ ਨਾ ਲਵੋ। ਇਸ ਲਈ ਗਰਮ ਰੁੱਤ ਦਾ ਫਲ ਨਸ਼ਟ ਕਰਨ ਲਈ ਬੂਟਿਆਂ ਨੂੰ ਪਾਣੀ ਲਾਉਣਾ ਬੰਦ ਕਰ ਦਿਓ ਤੇ ਜਦੋਂ ਫੁੱਲ ਵੱਧ ਤੋਂ ਵੱਧ ਖੁੱਲ੍ਹ ਜਾਣ ਤਾਂ 100 ਗ੍ਰਾਮ ਯੂਰੀਆ ਖਾਦ 1 ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ, ਜਿਸ ਨਾਲ ਫੁੱਲ ਖ਼ਤਮ ਹੋ ਜਾਣਗੇ। ਜੇ ਬੂਟੇ ਥੋੜ੍ਹੇ ਹਨ ਤਾਂ ਫੁੱਲ ਹੱਥ ਨਾਲ ਵੀ ਤੋੜੇ ਜਾ ਸਕਦੇ ਹਨ। ਬੇਰ ’ਚ ਲਾਖ ਦੇ ਕੀੜੇ ਤੋਂ ਬਚਾਅ ਲਈ ਰੋਗੀ ਤੇ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਜ਼ਮੀਨ ’ਚ ਦੱਬ ਦਿਓ ਜਾਂ ਸਾੜ ਦਿਓ।

ਸਬਜ਼ੀਆਂ ਦੀ ਸਿੰਚਾਈ ਦਾ ਰੱਖੋ ਖ਼ਾਸ ਖ਼ਿਆਲ

ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਸਿੰਚਾਈ ਦਾ ਖ਼ਾਸ ਖ਼ਿਆਲ ਰੱਖੋ ਤੇ ਅਗੇਤੀਆਂ ਬੀਜੀਆਂ ਸਬਜ਼ੀਆਂ ਜਿਵੇਂ ਬੈਂਗਣ, ਮਿਰਚ, ਸ਼ਿਮਲਾ ਮਿਰਚ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਤੁੜਾਈ ਦੁਪਹਿਰ ਵੇਲੇ ਕਰੋ ਪਰ ਘੀਆ ਕੱਦੂ ਦੀ ਤੁੜਾਈ ਸਵੇਰ ਵੇਲੇ ਕਰੋ। ਪਿਆਜ਼ ਦੀ ਫ਼ਸਲ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰੋ ਤੇ 5-7 ਦਿਨ ਦੇ ਵਕਫ਼ੇ ’ਤੇ ਪਾਣੀ ਦਿੰਦੇ ਰਹੋ। ਟਮਾਟਰ ਨੂੰ ਹਫ਼ਤੇ ’ਚ ਇਕ ਵਾਰ ਸਿੰਚਾਈ ਕਰੋ ਤਾਂ ਜੋ ਫ਼ਲ ’ਚ ਵਾਧਾ ਹੋਵੇ। ਤਿਆਰ ਹੋਏ ਟਮਾਟਰਾਂ ਨੂੰ ਤੁੜਾਈ ਕਰ ਕੇ ਦੂਰ- ਨੇੜੇ ਦੀਆਂ ਮੰਡੀਆਂ ’ਚ ਭੇਜਦੇੇ ਰਹੋ।

ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 0.3 ਮਿਲੀਲੀਟਰ ਫੇਮ 480 ਐੱਸਐੱਲ ਜਾਂ 6 ਮਿਲੀਲੀਟਰ ਕਰੀਨਾਂ 50 ਤਾਕਤ ਤੇ ਝੁਲਸ ਰੋਗ ਤੋਂ ਬਚਾਅ ਲਈ 3 ਗ੍ਰਾਮ ਇੰਡੋਫਿਲ ਐੱਮ-45 ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਛਿੜਕਾਅ ਤੋਂ ਪਹਿਲਾ ਪੱਕੇ ਫ਼ਲ ਤੋੜ ਲਵੋ ਅਤੇ ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨ ਤਕ ਇੰਤਜ਼ਾਰ ਕਰੋ। ਲਸਣ ਨੂੰ ਪਾਣੀ ਦੇਣਾ ਬੰਦ ਕਰ ਦਿਓ ਤੇ ਅਖੀਰਲੇ ਹਫ਼ਤੇ ਹਲਕਾ ਪਾਣੀ ਲਾ ਕੇ ਵੱਤਰ ਆਉਣ ’ਤੇ ਪੁਟਾਈ ਸ਼ੁਰੂ ਕਰ ਦਿਓ। ਹਫ਼ਤੇ ਤਕ ਇਨ੍ਹਾਂ ਨੂੰ ਛੋਟੀਆਂ ਗੁੱਛੀਆਂ ਬਣਾ ਕੇ ਹਵਾਦਾਰ ਜਗ੍ਹਾ ’ਤੇ ਭੰਡਾਰ ਕਰ ਲਵੋ। ਖਰਬੂਜ਼ੇ ਦੀ ਫ਼ਸਲ ਨੂੰ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਅ ਲਈ ਭਰਵੀਂ ਸਿੰਚਾਈ ਨਾ ਕਰੋ।

ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਦੀ ਸੰਭਾਲ

ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ’ਚ ਇਸ ਮਹੀਨੇ ਵਾਧਾ ਸਿਖਰ ’ਤੇ ਹੁੰਦਾ ਹੈ ਅਤੇ ਮੱਖੀ ਦੇ ਸਵਾਰਮ ਕਰਨ ਦੀ ਵੀ ਕਾਫ਼ੀ ਸੰਭਾਵਨਾ ਹੁੰਦੀ ਹੈ। ਇਸ ਲਈ ਇਸ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣ। ਤਿਆਰ ਹੋਏ ਛੱਤਿਆਂ ’ਚੋਂ ਸ਼ਹਿਦ ਕੱਢ ਲਓ। ਵਪਾਰਕ ਪੱਧਰ ’ਤੇ ਮੱਖੀ ਦੇ ਪਾਲਕ ਬਕਸਿਆਂ ਨੂੰ ਸੂਰਜਮੁਖੀ ਦੀ ਕਾਸ਼ਤ ਵਾਲੇ ਇਲਾਕਿਆਂ ’ਚ ਲੈ ਕੇ ਜਾ ਸਕਦੇ ਹਨ। ਅੱਗੇ ਆ ਰਹੀ ਗਰਮ ਰੁੱਤ ਨੂੰ ਧਿਆਨ ’ਚ ਰੱਖਦਿਆਂ ਬਕਸਿਆਂ ਨੂੰ ਛਾਵੇਂ ਰੱਖਣ ਦੇ ਉਪਰਾਲੇ ਸ਼ੁਰੂ ਕਰ ਦਿਓ- ਡਾ. ਸੁਖਦੀਪ ਸਿੰਘ ਹੁੰਦਲ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran