ਅਧਿਕਾਰੀਆਂ ਵੱਲੋਂ ਮੰਡੀਆਂ ਦਾ ਜਾਇਜ਼ਾ

April 12 2021

ਕਣਕ ਦੀ ਖ਼ਰੀਦ ਦੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਨੂੰ ਲੈ ਕੇ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਜਗਦੇਵ ਸਿੰਘ ਗਾਗਾ ਵੱਲੋਂ ਮਹਿਲਾਂ ਚੌਕ, ਛਾਹੜ ਅਤੇ ਢੰਡੋਲੀਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀਆਂ ਵਿੱਚ ਸਫ਼ਾਈ ਤੋਂ ਇਲਾਵਾ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੂਲਰ ਘਰਾਟ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। 

ਡਿਪਟੀ ਕਮਿਸ਼ਨਰ ਸੰਗਰੂਰ ਰਾਮ ਬੀਰ ਆਈਏਐੱਸ ਨੇ ਸਥਾਨਕ ਅਤੇ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਏਡੀਸੀ ਸੰਗਰੂਰ, ਡੀਐੱਮਓ ਸੰਗਰੂਰ ਜਸਪਾਲ ਘੁੰਮਣ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਵੀ ਸਨ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਖਰੀਦ ’ਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਅਨਾਜ ਮੰਡੀਆਂ ’ਚ ਪੱਲੇਦਾਰਾਂ, ਬੈਗ, ਸਫਾਈ, ਪੀਣ ਵਾਲਾ ਪਾਣੀ, ਕਰੋਨਾ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਅਤੇ ਛਾਂ ਅਤੇ ਪਖਾਨਿਆਂ ਬਾਰੇ ਜਾਣਕਾਰੀ ਲੈਕੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਸਾਨਾਂ ਨੂੰ ਕਣਕ ਦਾ ਦਾਣਾ ਦਾਣਾ ਖਰੀਦਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਦੰਦੀਵਾਲ, ਚੇਅਰਮੈਨ ਜਸਵਿੰਦਰ ਰਿੰਪੀ, ਉਪ ਚੇਅਰਮੈਨ ਜੀਵਨ ਸੇਖੂਵਾਸੀਆਂ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ। 

ਮਾਰਕੀਟ ਕਮੇਟੀ ਸੰਦੌੜ ਦੀ ਮੁੱਖ ਅਨਾਜ ਮੰਡੀ ਸੰਦੌੜ ਵਿੱਚ ਅੱਜ ਕਣਕ ਦੀ ਖਰੀਦ ਸ਼ੁਰੂ ਕਰਵਾਈ। ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਕਣਕ ਦੀ ਖਰੀਦ ਦੇ ਕੰਮ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ। ਪਨਗ੍ਰੇਨ ਦੇ ਖਰੀਦ ਅਧਿਕਾਰੀ ਅਜੈ ਕੁਮਾਰ ਨੇ ਦੱਸਿਆ ਕਿ ਪਹਿਲੇ ਦਿਨ 280 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ। ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਿਰਵਿਘਨ ਕਣਕ ਦੀ ਖਰੀਦ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਗਈ ਹੈ। 

ਐੱਸਡੀਐੱਮ ਭਵਾਨੀਗੜ ਡਾ. ਕਰਮਜੀਤ ਸਿੰਘ ਨੇ ਅੱਜ ਇਲਾਕੇ ਦੇ ਪਿੰਡ  ਭੜੋਂ, ਕਾਲਾਝਾੜ, ਚੰਨੋ ਆਦਿ ਮੰਡੀਆਂ ਵਿੱਚ ਪਹੁੰਚ ਕੇ  ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਰਮਜੀਤ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਭਵਾਨਗੀੜ ਦੀਆਂ ਮੰਡੀਆਂ ਵਿੱਚ ਕੋਵਿਡ-19 ਪ੍ਰੋਟੋਕਾਲ ਤਹਿਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਨਿਰਵਿਘਨ ਖਰੀਦ ਕੀਤੀ ਜਾਵੇਗੀ। 

ਵਿਧਾਇਕ ਜਲਾਲਪੁਰ ਨੇ ਖਰੀਦ ਸ਼ੁਰੂ ਕਰਵਾਈ 

ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅਨਾਜ ਮੰਡੀ ਘਨੌਰ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸੇ ਦੌਰਾਨ ਜਲਾਲਪੁਰ ਵੱਲੋਂ ਘਨੌਰ ਦੀਆਂ ਮਰਦਾਂਪੁਰ, ਸ਼ੰਭੂ ਕਲਾਂ, ਜੰਡ ਮੰਗੌਲੀ, ਕਪੂਰੀ ਅਤੇ ਲੋਹਸਿੰਬਲੀ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਜਲਾਲਪੁਰ ਨੇ ਆਖਿਆ ਕਿ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਘਨੌਰ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਨੇ 1000 ਕੁਇੰਟਲ ਕਣਕ ਦੀ ਖਰੀਦ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune