ਅਗਲੇ ਸੀਜ਼ਨ ਲਈ ਪੰਜਾਬ ਚ ਬੈਨ ਹੋਈ ਝੋਨੇ ਦੀ ਇਹ ਕਿਸਮ

October 04 2023

ਪੰਜਾਬ ਸਰਕਾਰ ਵੱਲੋਂ ਅਗਲੀ ਵਾਰੀ ਝੋਨੇ ਦੀ ਬਿਜਾਈ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਇੱਕ ਜਿਨਸ ਨੂੰ ਸੂਬੇ ਵਿੱਚ ਬੈਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੂਸਾ 44 ਹੁਣ ਤੋਂ ਪੰਜਾਬ ਵਿੱਚ ਨਹੀਂ ਵਿਕਿਆ ਕਰੇਗੀ। ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੰਦੇ ਹੋਏ ਸੀਐਮ ਨੇ ਕਿਹਾ ਕਿ ਇਸ ਵਾਰ ਤਾਂ ਅਸੀਂ ਪੂਸਾ-44 ਨੂੰ ਨਾ ਬੀਜਣ ਦੀ ਸਲਾਹ ਦਿੱਤੀ ਸੀ ਇਸ ਲਈ ਇਸਨੂੰ ਮੰਡੀ ’ਚੋਂ ਉਠਾਵਾਂਗੇ...ਪਰ ਆਉਣ ਵਾਲੇ ਝੋਨੇ ਦੇ ਸੀਜਨ ’ਚ ਅਸੀਂ ਪੂਸਾ-44 ਨੂੰ ਪੰਜਾਬ ’ਚੋਂ ਬੈਨ ਕਰ ਦੇਵਾਂਗੇ…ਕਿਸਾਨਾਂ ਨੂੰ PR-126 ਝੋਨਾ ਬੀਜਣ ਦੇਵਾਂਗੇ ਕਿਉਂਕਿ ਉਹ ਪੱਕਣ ’ਚ ਸਿਰਫ਼ 92 ਦਿਨ ਹੀ ਲੈਂਦੀ ਹੈ, ਇਸ ਨਾਲ਼ ਦੋ ਮਹੀਨਿਆਂ ਦਾ ਪਾਣੀ ਵੀ ਬੱਚਦਾ ਹੈ ਤੇ ਪੂਸਾ ਦੀ ਪਰਾਲੀ ਵੀ ਜ਼ਿਆਦਾ ਹੁੰਦੀ ਹੈ।

ਕਿਸਾਨਾਂ ਨੂੰ ਪੂਸਾ-44 ਅਤੇ ਝੋਨੇ ਦੀਆਂ ਹੋਰ ਸਬੰਧਤ ਕਿਸਮਾਂ ਦੀ ਕਾਸ਼ਤ ਬੰਦ ਕਰਨ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕਿਸਮਾਂ ਦੀ ਕਾਸ਼ਤ ਬੰਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਗਲੇ ਸੀਜ਼ਨ ਤੋਂ ਇਨ੍ਹਾਂ ਕਿਸਮਾਂ ਤੇ ਪਾਬੰਦੀ ਲਾਉਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੀ ਵੱਧ ਖਪਤ ਵਾਲੀਆਂ ਇਹ ਕਿਸਮਾਂ ਵਾਢੀ ਲਈ ਵੀ ਵੱਧ ਸਮਾਂ ਲੈਂਦੀਆਂ ਹਨ ਅਤੇ ਬਹੁਤ ਪਰਾਲੀ ਪੈਦਾ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਰੱਕਾਂ ਵਿੱਚ ਜੀ.ਪੀ.ਐਸ. ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਲਿਫਟਿੰਗ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦੇਣ ਤੋਂ ਬਾਅਦ 654 ਨਵੇਂ ਸ਼ੈਲਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੇ ਮੁਆਵਜ਼ੇ ਦੀ ਵੰਡ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਕ-ਇਕ ਪੈਸੇ ਦਾ ਨੁਕਸਾਨ ਸੂਬਾ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਕੋਲ ਸੂਬਾਈ ਆਫ਼ਤ ਰਾਹਤ ਫੰਡ ਵਿੱਚ ਕਾਫੀ ਪੈਸਾ ਹੈ। 

ਸਰੋਤ: abp ਸਾਂਝਾ