PAU ਦੀ ਕਣਕ ਦੀ ਪੀ.ਬੀ.ਡਬਲਿਊ 803 ਕਿਸਮ ਨੂੰ ਕਾਸ਼ਤ ਲਈ ਮਿਲੀ ਪ੍ਰਵਾਨਗੀ

November 18 2021

ਕਣਕ ਦੀ ਐਚ ਡੀ 3086 ਕਿਸਮ ਨੂੰ ਸਾਲ 2015 ਦੌਰਾਨ ਕਾਸ਼ਤ ਲਈ ਜਾਰੀ ਕੀਤਾ ਗਿਆ ਅਤੇ ਕਿਸਾਨਾਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਪਰ ਇਸ ਕਿਸਮ ਉੱਪਰ ਪੀਲੀ ਕੁੰਗੀ ਦਾ ਹਮਲਾ ਹੋਣ ਲੱਗ ਪਿਆ ਜਿਸ ਦੇ ਮੱਦੇਨਜ਼ਰ ਪੀ ਏ ਯੂ ਦੇ ਸਾਇੰਸਦਾਨਾਂ ਨੇ ਜੰਗੀ ਪੱਧਰ ਤੇ ਖੋਜ ਕਰਕੇ ਇਸ ਕਿਸਮ ਦਾ ਸੋਧਿਆ ਰੂਪ ਤਿਆਰ ਕੀਤਾ ਹੈ ਜਿਸ ਨੂੰ ਪੀ ਬੀ ਡਬਲਯੂ 803 ਦਾ ਨਾਮ ਦਿੱਤਾ ਹੈ।

ਡਾ. ਟੀ ਆਰ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ, ਆਈ.ਸੀ.ਏ.ਆਰ. ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਸਬ-ਕਮੇਟੀ ਵਲੋਂ ਇਸ ਕਿਸਮ ਦੇ ਨੋਟੀਫ਼ੀਕੇਸ਼ਨ ਅਤੇ ਕਾਸ਼ਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਕਿਸਮ ਭੂਰੀ ਕੁੰਗੀ ਦਾ ਪੂਰਨ ਤੌਰ ਤੇ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ਤੇ ਟਾਕਰਾ ਕਰ ਸਕਦੀ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੈ ਅਤੇ ਇਹ ਪੱਕਣ ਲਈ 151 ਦਿਨ ਲੈਂਦੀ ਹੈ।

ਖੋਜ ਅਤੇ ਅਡੈਪਟਿਵ ਤਜਰਬਿਆਂ ਵਿੱਚ ਪੀ.ਬੀ.ਡਬਲਯੂ 803 ਨੇ ਐਚ ਡੀ 3086 ਨਾਲੋਂ 5.0 ਪ੍ਰਤੀਸ਼ਤ ਵੱਧ ਝਾੜ ਦਿੱਤਾ ਹੈ। ਲੰਮਾਂ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਇਲਾਕਿਆਂ ਜਿਨ੍ਹਾਂ ਵਿੱਚ ਹੁਣ ਬਿਜਾਈ ਹੋ ਰਹੀ ਹੈ ਇਸ ਲਈ ਇਹ ਕਿਸਮ ਬਹੁਤ ਢੁਕਵੀਂ ਹੈ । ਇਨ੍ਹਾਂ ਇਲਾਕਿਆਂ ਵਿੱਚ ਕਣਕ ਦੇ ਪੱਕਣ ਸਮੇਂ ਵੱਧ ਤਾਪਮਾਨ ਹੋਣ ਕਰਕੇ ਬਾਕੀ ਕਿਸਮਾਂ ਦਾ ਝਾੜ ਘੱਟ ਆਉਂਦਾ ਹੈ ਪ੍ਰੰਤੂ ਇਹ ਮੋਟਾ ਦਾਣਾ ਬਣਾ ਲੈਂਦੀ ਹੈ।

ਇਹ ਕਿਸਮ ਆਮ ਹਾਲਤਾਂ ਲਈ ਢੁਕਵੀਂ ਹੋਣ ਦੇ ਨਾਲ-ਨਾਲ ਸੇਮ/ਖਾਰੇ ਪਾਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਲਈ ਵੀ ਢੁਕਵੀਂ ਹੈ।ਇਸ ਕਿਸਮ ਦਾ ਬੀਜ ਯੂਨੀਵਰਸਿਟੀ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਿੱਤ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰਾਂ ਅਤੇ ਬੀਜ ਫਾਰਮਾਂ ਉੱਪਰ ਉਪਲਬਧ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran