BKU ਉਗਰਾਹਾਂ ਦੇ ਸੂਬਾ ਪ੍ਰਧਾਨ ਦਾ ਟੌਲ ਪਲਾਜਿਆਂ ਤੇ ਮੋਰਚਿਆਂ ਸਬੰਧੀ ਵੱਡਾ ਐਲਾਨ

December 16 2021

ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।

ਅੱਜ ਬਰਨਾਲਾ ਦੇ ਬਡਬਰ ਟੌਲ ਪਲਾਜ਼ਾ ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੌਲ ਪਲਾਜ਼ਿਆਂ ਤੇ ਉਹਨਾਂ ਦੇ ਮੋਰਚੇ ਜਾਰੀ ਰਹਿਣਗੇ।ਕਿਉਂਕਿ ਟੌਲ ਕੰਪਨੀਆਂ ਵੱਲੋਂ ਟੌਲ ਫੀਸ ਵਧਾ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਪੰਜਾਬ ਦੇ ਸੱਤ ਟੌਲ ਪਲਾਜਿਆਂ ਤੋਂ ਆਪਣਾ ਧਰਨਾ ਖ਼ਤਮ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਟੌਲ ਕੰਪਨੀਆਂ ਟੌਲ ਪਰਚੀ ਦੀ ਵਧਾਈ ਫੀਸ ਵਾਪਸ ਨਹੀਂ ਲੈਂਦੀਆਂ।ਓਨਾਂ ਸਮਾਂ ਉਨ੍ਹਾਂ ਦੇ ਮੋਰਚੇ ਟੌਲ ਪਲਾਜ਼ਾ ਤੇ ਜਾਰੀ ਰਹਿਣਗੇ।ਉੱਥੇ ਹੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਭਲਕੇ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਜਾਵੇਗਾ।

ਪੰਜਾਬ ਸਰਕਾਰ ਨਾਲ ਮੀਟਿੰਗ ਸਬੰਧੀ ਉਹਨਾਂ ਕਿਹਾ ਕਿ ਸਰਕਾਰ ਦੀ ਕੋਈ ਲਿਖਤੀ ਚਿੱਠੀ ਨਹੀਂ ਆਈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਤੋਂ ਇਲਾਵਾ ਵੱਡੀ ਪ੍ਰਾਪਤੀ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਏਕਾ ਕਰਕੇ ਜੰਗ ਜਿੱਤੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਕਰਜ਼ਾ ਮੁਆਫ਼ੀ, ਨਸ਼ੇ ਅਤੇ ਬੇਰੁਜ਼ਗਾਰੀ ਦਾ ਮਸਲਾ ਖੜ੍ਹਾ ਹੈ, ਜਿਸਨੂੰ ਹੱਲ ਕਰਵਾਉਣਾ ਹੈ। ਉਹਨਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਭਾਗ ਨਹੀਂ ਲੈਣਗੇ। ਗੁਰਨਾਮ ਚੜੂਨੀ ਦੇ ਮਸਲੇ ਤੇ ਉਹਨਾਂ ਕਿਹਾ ਕਿ ਪੰਜ ਮੈਂਬਰੀ ਵਿੱਚ ਉਨ੍ਹਾਂ ਨੂੰ ਸਿਰਫ਼ ਕਿਸਾਨੀ ਮੁੱਦੇ ਲਈ ਲਿਆ ਗਿਆ ਨਾ ਕਿ ਚੋਣਾਂ ਲੜਨ ਲਈ। ਜੇਕਰ ਉਹ ਚੋਣ ਲੜਦੇ ਹਨ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਮਸਲੇ ਤੇ ਫ਼ੈਸਲਾ ਲਵੇਗਾ।

ਉਹਨਾਂ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਕਿਸੇ ਕਿਸਾਨ ਆਗੂ ਜਾਂ ਕਿਸਾਨ ਜੱਥੇਬੰਦੀ ਦਾ ਚੋਣਾਂ ਲੜਨ ਦੇ ਮਸਲੇ ਤੇ ਸਾਥ ਨਹੀਂ ਦੇਣਗੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live