15 ਸਤੰਬਰ ਦੇ ਪੰਜਾਬ ਜਾਮ ਲਈ ਕਿਸਾਨਾਂ ਅਤੇ ਪੰਜਾਬੀਆਂ ਵਿਚ ਅੰਤਾਂ ਦਾ ਗੁੱਸਾ ਤੇ ਜੋਸ਼

September 14 2020

ਕੇਂਦਰ ਸਰਕਾਰ ਵਲੋਂ 5 ਜੂਨ ਨੂੰ ਖੇਤੀ ਮੰਡੀਕਰਨ ਢਾਂਚੇ ਨੂੰ ਤਬਾਹ ਕਰਨ ਲਈ ਜਾਰੀ ਕੀਤੇ ਆਰਡੀਨੈਂਸਾਂ ਵਿਰੁਧ ਸਾਰੇ ਦੇਸ਼ ਖ਼ਾਸ ਕਰ ਕੇ ਪੰਜਾਬ ਵਿਚ ਲੋਕੀ ਭਰੇ ਪੀਤੇ ਬੈਠੇ ਹਨ। ਹਰ ਆਦਮੀ ਮਹਿਸੂਸ ਕਰਦਾ ਹੈ ਕਿ ਖੇਤੀ ਦੀ ਆਰਥਕਤਾ ਤਬਾਹ ਹੋਣ ਨਾਲ ਸਾਰਾ ਬਜ਼ਾਰ ਡੁੱਬ ਜਾਵੇਗਾ।

ਇਸ ਸਬੰਧੀ ਸਾਰੇ ਪੰਜਾਬ ਵਿਚ 15 ਸਤੰਬਰ ਨੂੰ ਸੜਕਾਂ ਤੇ ਟਰੈਫ਼ਿਕ ਜਾਮ ਕਰਨ ਲਈ ਧੂੰਆਂਧਾਰ ਪ੍ਰਚਾਰ ਹੋ ਰਿਹਾ ਹੈ ਅਤੇ ਲੋਕਾਂ ਵਿਚ ਅੰਤਾਂ ਦਾ ਜੋਸ਼ ਹੈ। ਪੰਜਾਬ ਦੇ ਆੜ੍ਹਤੀ, ਮੁਨੀਮ ਅਤੇ ਮੰਡੀਆਂ ਦੇ ਮਜ਼ਦੂਰ ਵੀ ਭਰਪੂਰ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਵਿਚ ਅਪਣਾ ਯੋਗਦਾਨ ਪਾਉਣ ਲਈ 15 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

ਇਸ ਟਰੈਫ਼ਿਕ ਜਾਮ ਵਿਚ ਕੇਵਲ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਹੀ ਛੋਟ ਹੋਵੇਗੀ। ਇਸ ਤੋਂ ਬਾਅਦ ਜਿਸ ਦਿਨ ਇਹ ਆਰਡੀਨੈਂਸ ਪਾਰਲੀਮੈਂਟ ਵਿਚ ਪਾਸ ਕੀਤੇ ਜਾਣਗੇ, ਉਸ ਦਿਨ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੇ ਕਿਸਾਨ ਨੇਤਾ ਕਾਲੇ ਕਪੜੇ ਪਾ ਕੇ ਪਾਰਲੀਮੈਂਟ ਅੱਗੇ ਰੋਸ ਪ੍ਰਦਰਸ਼ਨ ਕਰਨਗੇ।

ਇਸ ਸਮੇਂ ਸ. ਬਲਬੀਰ ਸਿੰਘ ਰਾਜੇਵਾਲ ਨੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਅੰਨ੍ਹ ਪਾਣੀ ਖਾ ਕੇ ਕਿਸਾਨਾਂ ਵਿਰੁਧ ਵੋਟ ਨਾ ਪਾਉਣ। ਇਹ ਹਰ ਪੱਖੋਂ ਅੰਨਦਾਤੇ ਨਾਲ ਧਰੋਹ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਐਮ. ਪੀ. ਆਰਡੀਨੈਂਸਾਂ ਦੇ ਹੱਕ ਵਿਚ ਵੋਟ ਪਾਉਣਗੇ ਜਾਂ ਗ਼ੈਰ ਹਾਜ਼ਰ ਰਹਿ ਕੇ ਜਾਂ ਵੋਟ ਨਾ ਪਾ ਕੇ ਅਸਿੱਧੀ ਹਮਾਇਤ ਦੇਣਗੇ, ਉਨ੍ਹਾਂ ਨੂੰ ਕਿਸਾਨ ਕਿਸੇ ਵੀ ਕੀਮਤ ਉਤੇ ਬਖ਼ਸ਼ਣਗੇ ਨਹੀਂ। ਹਰ ਰਾਜ ਵਿਚ ਭਾਵੇਂ ਉਹ ਸੱਤਾਧਾਰੀ ਭਾਜਪਾ ਦਾ ਹੀ ਐਮ. ਪੀ. ਹੋਵੇ ਉਸ ਨੂੰ ਕਿਸਾਨਾਂ ਨਾਲ ਧਰੋਹ ਕਮਾਉਣ ਲਈ ਸਜ਼ਾ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਐਮ. ਪੀਆਂ ਨੂੰ ਤਾਂ ਪੰਜਾਬ ਵਿਚ ਕਿਤੇ ਵੀ ਖੁੱਲੇਆਮ ਘੁੰਮਣ ਨਹੀਂ ਦਿਤਾ ਜਾਵੇਗਾ।  ਸ. ਰਾਜੇਵਾਲ ਨੇ ਕਿਹਾ ਕਿ ਬਾਸਮਤੀ ਦੀ ਖ਼ਰੀਦ ਕਰਨ ਸਮੇਂ ਬਾਸਮਤੀ ਦੇ ਐਕਸਪੋਰਟਰ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਹਮੇਸ਼ਾ ਲੁੱਟ ਕਰਦੇ ਰਹੇ ਹਨ। ਉਨ੍ਹਾਂ ਕੋਲ ਖ਼ਬਰਾਂ ਆ ਰਹੀਆਂ ਹਨ ਕਿ ਕੁੱਝ ਬਾਸਮਤੀ ਐਕਸਪੋਰਟਰ ਨਵੇਂ ਕਾਨੂੰਨ ਅਧੀਨ ਖ਼ਰੀਦ ਕਰ ਕੇ ਟੈਕਸਾਂ ਦੀ ਛੋਟ ਦਾ ਲਾਭ ਲੈਣਾ ਚਾਹੁੰਦੇ ਹਨ।

ਉਨ੍ਹਾਂ ਨੇ ਅਜਿਹੇ ਬਾਸਮਤੀ ਦੇ ਖ਼ਰੀਦਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਨਵੇਂ ਕਾਨੂੰਨ ਅਧੀਨ ਬਾਸਮਤੀ ਦਾ ਇਕ ਦਾਣਾ ਵੀ ਖ਼ਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਜਾਬੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਖ਼ਾਸ ਕਰ ਕਿਸਾਨ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਖ਼ਾਸ ਪ੍ਰੋਗਰਾਮ ਉਲੀਕਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman