ਫ਼ਸਲ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ

June 30 2020

ਕੇਂਦਰੀ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਦੋ ਹਫ਼ਤੇ ਪਹਿਲਾਂ ਲਾਗੂ ਕੀਤੇ ਗਏ ਤਿੰਨ ਆਰਡੀਨੈਂਸਾਂ ਦਾ ਟੀਚਾ ਕਿਸਾਨ ਦੀ ਆਮਦਨ ਵਧਾਉਣਾ ਹੈ ਅਤੇ ਉਸ ਨੂੰ ਅਪਣੀ ਫ਼ਸਲ ਖੁਲ੍ਹੇ ਬਾਜ਼ਾਰ ਚ ਵੇਚਣ ਦਾ ਅਧਿਕਾਰ ਦੇਣਾ ਹੈ ਨਾਕਿ ਐਮਐਸਪੀ ਖ਼ਤਮ ਕਰਨਾ ਹੈ। ਅੱਜ ਪੰਜਾਬ ਬੀ.ਜੇ.ਪੀ. ਵਲੋਂ ਆਯੋਜਤ ਵੀਡੀਉ ਰੈਲੀ ਨੂੰ ਨਵੀਂ ਦਿੱਲੀ ਤੋਂ ਸੰਬੋਧਨ ਕਰਦੇ ਹੋਏ ਨਰਿੰਦਰ ਸਿੰਘ ਤੋਮਰ ਨੇ ਅਪਣੇ 40 ਮਿੰਟ ਦੇ ਭਾਸ਼ਣ ਚ ਸਪਸ਼ਟ ਕੀਤਾ ਕਿ ਪਿਛਲੇ 50 ਸਾਲਾਂ ਤੋਂ ਕਣਕ-ਝੋਨੇ ਸਮੇਤ 24 ਫ਼ਸਲਾਂ ਦੀ ਖ਼ਰੀਦ ਲਈ ਚਲਿਆ ਆ ਰਿਹਾ ਐਮ.ਐਸ.ਪੀ. ਸਿਸਟਮ ਅੱਜ ਵੀ ਜਾਰੀ ਹੈ ਅਤੇ ਭਵਿੱਖ ਚ ਵੀ ਜਾਰੀ ਰਹੇਗਾ।

ਅਪਣੇ ਭਾਸ਼ਣ ਨੂੰ ਪੰਜਾਬ ਦੇ ਕਿਸਾਨਾਂ ਤੇ ਕੇਂਦਰਿਤ ਕਰਦੇ ਹੋਏ ਤੋਮਰ ਨੇ ਕਿਹਾ ਕਿ ਤਿੰਨ ਆਰਡੀਨੈਂਸ ਜਾਰੀ ਕਰਨ ਦਾ ਮਤਲਬ ਕਿਸਾਨ ਨੂੰ ਖੁਲ੍ਹ ਦੇਣਾ ਹੈ ਕਿ ਉਹ ਅਪਣੀ ਫ਼ਸਲ ਭਾਵੇਂ ਖੇਤ ਚੋਂ ਵੇਚ ਦੇਵੇ, ਭਾਵੇਂ ਸਟੋਰ ਜਾਂ ਘਰ ਤੋਂ ਮਹਿੰਗੇ ਭਾਅ ਵੇਚ ਦੇਵੇ ਜਾਂ ਫਿਰ ਸਾਂਭ ਕੇ ਰੱਖੇ ਅਤੇ ਮਗਰੋਂ ਹੋਰ ਵਾਧੂ ਰੇਟ ਤੇ ਵੇਚ ਦੇਵੇ ਜਾਂ ਖ਼ੁਦ ਵਪਾਰ ਕਰ ਕੇ ਦੂਜੇ ਸੂਬੇ ਚ ਵੇਚੇ ਦੇਵੇ। ਕੇਂਦਰੀ ਮੰਤਰੀ ਨੇ ਤਾੜਨਾ ਕੀਤੀ ਕਿ ਪੰਜਾਬ ਦੀ ਕਾਂਗਰਸ ਸਰਕਾਰ, ਉਸ ਦੇ ਮੰਤਰੀ ਗੁਮਰਾਹਕੁਨ ਪ੍ਰਚਾਰ ਬੰਦ ਕਰਨ ਅਤੇ ਕਿਸਾਨਾਂ ਨੂੰ ਐਮਐਸਪੀ ਬਾਰੇ ਗ਼ਲਤਫ਼ਹਿਮੀ ਜਾਂ ਭੜਕਾਊ ਵਿਵਹਾਰ ਨਾ ਕਰੇ।

ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਤੇ ਵਿਸ਼ੇਸ਼ ਕਰ ਕੇ ਪੰਜਾਬ ਵਾਸਤੇ ਉਲੀਕੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਚ ਮੰਡੀਆਂ ਦਾ ਸਿਸਟਮ ਜਾਰੀ ਰਹੇਗਾ, ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨਾ ਵੀ ਚਲਦਾ ਰਹੇਗਾ ਅਤੇ ਆਉਂਦੀ ਖਰੀਫ਼ ਯਾਨੀ ਸਾਉਣੀ ਦੀਆਂ ਫ਼ਸਲਾਂ ਝੋਨਾ ਆਦਿ ਦੀ ਜਿਉਂ ਦਾ ਤਿਉਂ ਮੰਡੀਆਂ ਰਾਹੀਂ ਅਤੇ ਖੁਲ੍ਹੇ ਬਾਜ਼ਾਰ ਰਾਹੀਂ ਵਿਕਰੀ-ਖਰੀਦ ਚਲਦੀ ਰਹੇਗੀ।

ਕੇਂਦਰੀ ਮੰਤਰੀ ਨੇ ਕਿਸਾਨ ਕ੍ਰੈਡਿਟ ਕਾਰਡ ਤੇ ਫਸਲਾਂ ਵਾਸਤੇ ਦੋ ਲੱਖ ਦਾ ਕਰਜ਼ਾ ਕਿਸਾਨ ਨੂੰ ਦੇਣ, ਫ਼ਾਰਮ ਪ੍ਰਾਜੈਕਟ ਸੰਗਠਨ ਕਾਇਮ ਕਰਨ, ਫ਼ਸਲੀ ਵਿਭਿੰਨਤਾ ਕਰਨਾ, ਪਿੰਡਾਂ ਨੂੰ ਆਤਮ-ਨਿਰਭਰ ਬਣਾਉਣ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 23,26,553 ਕਿਸਾਨਾਂ ਨੂੰ ਪੰਜਾਬ ਚ ਦੋ-ਦੋ ਹਜ਼ਾਰ ਦੀ ਰਕਮ ਤਿੰਨ ਕਿਸ਼ਤਾਂ ਚ ਉਨ੍ਹਾਂ ਦੇ ਖਾਤਿਆਂ ਚ ਪਾਉਣ ਦੀ ਚਰਚਾ ਵੀ ਕੀਤੀ। ਇਸ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਦੂਜੀ ਟਰਮ ਦੇ ਇਕ ਸਾਲ ਪੂਰਾ ਹੋਣ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਨਰਿੰਦਰ ਸਿੰਘ ਤੋਮਰ ਨੇ ਕੀਤਾ।

ਇਸ ਵਰਚੂਅਲ ਤੇ ਡਿਜ਼ੀਟਲ-ਵੀਡੀਉ ਰੈਲੀ ਨੂੰ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਐਮ.ਪੀ. ਸੋਮ ਪ੍ਰਕਾਸ਼ ਨੇ ਵੀ ਦਿੱਲੀ ਤੋਂ ਸੰਬੋਧਨ ਕੀਤਾ। ਸੋਮ ਪ੍ਰਕਾਸ਼ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਾਂਗਰਸ ਦੇ ਨੇਤਾ ਕਿਸਾਨਾਂ ਨੂੰ ਭੜਕਾਅ ਰਹੇ ਹਨ। ਪੰਜਾਬ ਬੀ.ਜੇ.ਪੀ. ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ 24 ਜੂਨ ਨੂੰ ਹੋਈ ਸਰਬੇ-ਪਾਰਟੀ ਬੈਠਕ ਦਾ ਹਵਾਲਾ ਦਿਤਾ ਜਿਸ ਵਿਚ ਹੇਠਲੇ ਪੱਧਰ ਦੀ ਸਿਆਸਤ ਕੀਤੀ ਗਈ। ਅਸ਼ਵਨੀ ਸ਼ਰਮਾ ਨੇ ਵੀ ਵਾਰ-ਵਾਰ ਕਿਹਾ ਕਿ ਤਿੰਨ ਮਹੀਨੇ ਮਗਰੋਂ ਆਉਣ ਵਾਲੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ।

ਪੰਜਾਬ ਦੇ ਸਿਆਸੀ ਮਾਮਲਿਆਂ ਦੇ ਬੀ.ਜੇ.ਪੀ. ਇੰਚਾਰਜ ਪ੍ਰਭਾਤ ਝਾਅ ਨੇ ਭੋਪਾਲ ਤੋਂ ਇਸ ਵੀਡੀਉ ਰੈਲੀ ਚ ਹਿੱਸਾ ਲਿਆ। ਪਿਛਲੇ ਦਿਨੀਂ ਪੰਜਾਬ ਬੀ.ਜੇ.ਪੀ. ਦੇ 33 ਜ਼ਿਲ੍ਹਾ ਮੁਕਾਮਾਂ ਤੇ ਰੈਲੀਆਂ ਤੇ ਸੋਸ਼ਲ ਬੈਠਕਾਂ ਕਰਨ ਉਪਰੰਤ ਅੱਜ ਦੀ ਰਾਜ ਪੱਧਰ ਇਸ ਵੀਡੀਉ ਰੈਲੀ ਨੂੰ ਸੁਭਾਸ਼ ਸ਼ਰਮਾ, ਦਿਨੇਸ਼ ਕੁਮਾਰ, ਮਲਵਿੰਦਰ ਸਿੰਘ ਕੰਗ ਨੇ ਵੀ ਸੰਬੋਧਨ ਕੀਤਾ। ਇਸ ਜਨ-ਸੰਵਾਦ ਰੈਲੀ ਚ ਪੰਜਾਬ ਦੇ ਸੈਂਕੜੇ ਕਸਬਿਆਂ ਦੇ ਪਿੰਡਾਂ-ਸ਼ਹਿਰਾਂ ਚੋਂ ਲੱਖਾਂ ਲੋਕਾਂ ਨੇ ਕੇਂਦਰੀ ਤੇ ਰਾਜ ਪਧਰੀ ਨੇਤਾਵਾਂ ਦੇ ਵਿਚਾਰ ਸੁਣੇ।

ਸੈਕਟਰ-37 ਦੇ ਪੰਜਾਬ ਬੀ.ਜੇ.ਪੀ. ਭਵਨ ਚ ਆਯੋਜਤ ਇਸ ਜਨ-ਸੰਵਾਦ ਰੈਲੀ ਦੌਰਾਨ, ਪਾਰਟੀ ਨੇਤਾਵਾਂ, ਅਹੁਦੇਦਾਰਾਂ ਤੇ ਵਰਕਰਾਂ ਵਲੋਂ ਸਾਰੇ ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਚ ਫੇਸਬੁੱਕ, ਵੀਡੀਉ ਅਤੇ ਵੱਖ-ਵੱਖ ਡਿਜ਼ੀਟਲ ਢੰਗਾਂ ਰਾਹੀਂ ਮੁਲਕ ਦੀ ਏਕਤਾ ਤੇ ਲੋਕਤੰਤਰ ਨੂੰ ਕਾਇਮ ਰੱਖਣ, ਸਾਰੇ ਧਰਾਂ ਦਾ ਸਤਿਕਾਰ ਕਰਨ ਲੋਕਲ ਉਤਪਾਦਾਂ ਨੂੰ ਹੀ ਖ਼ਰੀਦਣ ਅਤੇ ਕੋਰੋਨਾ ਮਹਾਂਮਾਰੀ ਵਿਰੁਧ ਮੁਹਿੰਮ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ ਗਿਆ। ਇਸ ਸੰਕਲਪ ਨੂੰ ਨੌਜਵਾਨ ਲੀਡਰ ਸ. ਮਲਵਿੰਦਰ ਸਿੰਘ ਕੰਗ ਨੇ ਸਟੇਜ ਤੋਂ ਪੜ੍ਹਿਆ ਅਤੇ ਹਲਫ਼ ਦਿਵਾਇਆ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman