ਹਾੜੀ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਦਾ ਪ੍ਰੋਗਰਾਮ ਜਾਰੀ, ਹਰਿਆਣਾ ਚ 21 ਮਾਰਚ ਤੋਂ ਸਰ੍ਹੋਂ ਅਤੇ 1 ਅਪ੍ਰੈਲ ਤੋਂ ਹੋਵੇਗੀ ਕਣਕ ਤੇ ਛੋਲਿਆਂ ਦੀ ਖਰੀਦ

March 09 2022

Mustard Procurement:ਹਰਿਆਣਾ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਦਾ ਪ੍ਰੋਗਰਾਮ ਜਾਰੀ ਕੀਤਾ ਹੈ। 92 ਮੰਡੀਆਂ ਵਿੱਚ ਸਰ੍ਹੋਂ ਦੀ ਖਰੀਦ ਕੀਤੀ ਜਾਵੇਗੀ। ਜਦੋਂਕਿ 397 ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾਵੇਗੀ।

Wheat Procurement: ਹਰਿਆਣਾ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਪ੍ਰਮੁੱਖ ਹਾੜੀ ਦੀਆਂ ਫਸਲਾਂ ਦੀ ਖਰੀਦ ਲਈ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਸਾਲ ਸਰੋਂ ਦੀ ਖਰੀਦ 21 ਮਾਰਚ ਤੋਂ ਸ਼ੁਰੂ ਹੋਵੇਗੀ। ਜਦਕਿ ਛੋਲੇ, ਜੌਂ ਅਤੇ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਸੂਬੇ ਵਿੱਚ ਸਰ੍ਹੋਂ ਦੀ ਆਮਦ 28 ਮਾਰਚ ਤੋਂ ਸ਼ੁਰੂ ਹੋ ਜਾਂਦੀ ਸੀ ਪਰ ਇਸ ਸਾਲ ਆਮਦ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਹੈ। ਉਹ ਖੁਰਾਕ, ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਹਾੜੀ-2022 ਦੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਭਾਗ ਦੇ ਰਾਜ ਮੰਤਰੀ ਅਨੂਪ ਧਾਨਕ ਵੀ ਮੌਜੂਦ ਸੀ।

ਚੌਟਾਲਾ ਨੇ ਅਧਿਕਾਰੀਆਂ ਨੂੰ 21 ਮਾਰਚ ਤੋਂ ਸਰ੍ਹੋਂ ਅਤੇ 1 ਅਪ੍ਰੈਲ ਤੋਂ ਕਣਕ, ਛੋਲੇ ਅਤੇ ਜੌਂ ਵਰਗੀਆਂ ਹਾੜ੍ਹੀ ਦੀਆਂ ਫਸਲਾਂ ਦੀ ਖਰੀਦ ਲਈ ਵਿਆਪਕ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ। ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਖਰੀਦੀ ਗਈ ਫਸਲ ਦੀ ਸਮੇਂ ਸਿਰ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨ ਅਤੇ 21 ਮਾਰਚ ਤੱਕ ਰਿਪੋਰਟ ਭੇਜਣ।

ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਭੇਜੇ ਜਾਣ ਪੈਸੇ

ਉਪ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਅੱਪਡੇਟ ਕਰਨ ਅਤੇ ਮੇਰੀ ਫ਼ਸਲ ਮੇਰਾ ਬਿਓਰਾ ਪੋਰਟਲ ਤੇ ਅੱਪਲੋਡ ਕੀਤੀਆਂ ਫ਼ਸਲਾਂ ਦੇ ਵੇਰਵਿਆਂ ਅਨੁਸਾਰ ਫ਼ਸਲ ਦੀ ਰਕਮ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਭੇਜਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦਾ ਨਵੀਨਤਮ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਦੱਸ ਦੇਈਏ ਕਿ ਹਰਿਆਣਾ ਦੇਸ਼ ਦਾ ਮੁੱਖ ਕਣਕ ਅਤੇ ਸਰ੍ਹੋਂ ਦਾ ਉਤਪਾਦਕ ਹੈ। ਦੇਸ਼ ਦੇ ਕੁੱਲ ਕਣਕ ਉਤਪਾਦਨ ਵਿੱਚ ਹਰਿਆਣਾ ਦਾ ਹਿੱਸਾ 13.5 ਫੀਸਦੀ ਅਤੇ ਸਰੋਂ ਵਿੱਚ 13.33 ਫੀਸਦੀ ਹੈ।

ਕਿੰਨੀਆਂ ਮੰਡੀਆਂ ਚ ਹੋਵੇਗੀ ਖਰੀਦ?

ਚੌਟਾਲਾ ਦੀ ਹਾਜ਼ਰੀ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ 92 ਮੰਡੀਆਂ ਵਿੱਚ ਸਰੋਂ ਦੀ ਖਰੀਦ ਕੀਤੀ ਜਾਵੇਗੀ। ਜਦਕਿ 397 ਮੰਡੀਆਂ ਕਣਕ ਲਈ ਚੁਣੀਆਂ ਗਈਆਂ ਹਨ। ਇਸੇ ਤਰ੍ਹਾਂ ਛੋਲਿਆਂ ਲਈ 11 ਅਤੇ ਜੌਂ ਦੀ ਖਰੀਦ ਲਈ 25 ਮੰਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਫ਼ਸਲਾਂ ਚੋਂ ਸਰ੍ਹੋਂ 5,050 ਰੁਪਏ ਪ੍ਰਤੀ ਕੁਇੰਟਲ, ਕਣਕ 2,015 ਰੁਪਏ ਪ੍ਰਤੀ ਕੁਇੰਟਲ, ਛੋਲੇ 5,230 ਰੁਪਏ ਪ੍ਰਤੀ ਕੁਇੰਟਲ ਅਤੇ ਜੌਂ 1,635 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੀਆਂ ਜਾਣਗੀਆਂ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: abplive